
ਬਾਲ ਕਿਸ਼ਨ
ਫਿਰੋਜ਼ਪੁਰ, 11 ਅਗਸਤ : ਸਰਹੱਦੀ ਪਿੰਡ ਕੱਸੋਕੇ ’ਚ ਪਾਕਿਸਤਾਨੀ ਡਰੋਨ ਰਾਹੀਂ ਭੇਜੇ ਗਏ ਦੋ ਪੈਕਟਾਂ ’ਚੋਂ ਕੁੱਲ 512 ਗ੍ਰਾਮ ਹੈਰੋਇਨ ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ 95 ਬਟਾਲੀਅਨ ਦੇ ਕਮਾਂਡਰ ਨੂੰ ਇਕ ਟੈਲੀਫੋਨ ਕਾਲ ਰਾਹੀਂ ਸੂਚਨਾ ਮਿਲੀ ਕਿ ਇਲਾਕੇ ’ਚ ਇਕ ਡਰੋਨ ਗਤੀਵਿਧੀ ਦੇਖੀ ਗਈ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਦਰ ਫਿਰੋਜ਼ਪੁਰ ਦੇ ਐੱਸਆਈ ਮੇਜਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਕੱਸੋਕੇ ਪਿੰਡ ਪੁੱਜੀ। ਇੱਥੇ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਜਵਾਨਾਂ ਨੇ ਮਿਲ ਕੇ ਪੂਰੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਤਲਾਸ਼ੀ ਦੌਰਾਨ ਜਵਾਨਾਂ ਨੂੰ ਹੈਰੋਇਨ ਦੇ ਦੋ ਸ਼ੱਕੀ ਪੈਕਟ ਮਿਲੇ। ਜਦੋਂ ਇਨ੍ਹਾਂ ਪੈਕਟਾਂ ਦਾ ਵਜ਼ਨ ਕੀਤਾ ਗਿਆ ਤਾਂ ਕੁੱਲ 655 ਗ੍ਰਾਮ ਪਦਾਰਥ ਬਰਾਮਦ ਹੋਇਆ। ਇਸ ਪਦਾਰਥ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਸ ’ਚ 512 ਗ੍ਰਾਮ ਸ਼ੁੱਧ ਹੈਰੋਇਨ ਤੇ 143 ਗ੍ਰਾਮ ਪੈਕਿੰਗ ਸਮੱਗਰੀ ਸੀ। ਪੁਲਿਸ ਨੇ ਤੁਰੰਤ ਅਣਪਛਾਤੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।



