Punjab

ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਿਵਾਦ ਕਾਰਨ ਤਲਵੰਡੀ ਧਾਮ ’ਚ ਨਹੀਂ ਹੋਵੇਗਾ ਸਾਲਾਨਾ ਸਮਾਗਮ

ਓਮਾਨੰਦ ਨੇ ਰੱਦ ਕਰਨ ਦਾ ਕੀਤਾ ਐਲਾਨ

ਜਗਰਾਓਂ, 11 ਅਗਸਤ :  ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਵਿਵਾਦ ਕਾਰਨ ਹੁਣ ਧਾਮ ’ਚ ਪੰਜ ਰੋਜ਼ਾ ਸਾਲਾਨਾ ਸਮਾਗਮ ਨਹੀਂ ਹੋਣਗੇ। ਇਨ੍ਹਾਂ ਸਮਾਗਮਾਂ ’ਤੇ ਰੋਕ ਲਾਉਣ ਲਈ ਛੱਤਰੀ ਸਾਹਿਬ ਮੰਦਰ ਛੁਡਾਨੀ ਧਾਮ ਦੇ ਮੁਖੀ ਨੇ ਵੀ ਡੀਸੀ ਲੁਧਿਆਣਾ ਨੂੰ ਚਿੱਠੀ ਲਿਖੀ। ਇਸ ਮਾਮਲੇ ’ਚ ਤਲਵੰਡੀ ਧਾਮ ਤੋਂ ਓਮਾ ਨੰਦ ਨੇ ਖ਼ੁਦ ਹੀ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਪੰਜ ਰੋਜ਼ਾ ਸਾਲਾਨਾ ਸਮਾਗਮ ਨਾ ਹੋਣ ਦੀ ਸੂਚਨਾ ਜਾਰੀ ਕਰ ਦਿੱਤੀ। ਵਰਣਨਯੋਗ ਹੈ ਕਿ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਜੂਨ ਤੇ ਅਗਸਤ ਮਹੀਨੇ ’ਚ ਦੋ ਵੱਖ-ਵੱਖ ਅਸ਼ਲੀਲ ਵੀਡੀਓਜ਼ ਵਾਇਰਲ ਹੋਈਆਂ ਹਨ। ਇਨ੍ਹਾਂ ’ਚੋਂ ਪਹਿਲੀ ਵੀਡੀਓ ਦੇ ਮਾਮਲੇ ’ਚ ਥਾਣਾ ਦਾਖਾ ਵਿਖੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਸ਼ੰਕਰਾਨੰਦ ਖ਼ਿਲਾਫ਼ ਮੁਕੱਦਮਾ ਵੀ ਦਰਜ ਹੋ ਚੁੱਕਾ ਹੈ। ਜਿਸ ਮਾਮਲੇ ’ਚ ਉਹ ਅੱਜ ਤੱਕ ਫ਼ਰਾਰ ਚੱਲਿਆ ਆ ਰਿਹਾ ਹੈ। ਉਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਹਰ ਸਾਲ ਵਾਂਗ ਸਵਾਮੀ ਗੰਗਾ ਨੰਦ ਜੀ ਦੀ ਯਾਦ ’ਚ ਸਾਲਾਨਾ ਸਮਾਗਮ ਕਰਵਾਉਣ ਲਈ 14 ਅਗਸਤ ਤੋਂ 18 ਅਗਸਤ ਤੱਕ ਤਰੀਕਾਂ ਐਲਾਨੀਆਂ ਗਈਆਂ ਸਨ। ਇਨ੍ਹਾਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸਮਾਗਮ ਮਨਾਉਣ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਡੇਰੇ ’ਚ ਬੈਠੇ ਓਮਾਨੰਦ ਨੂੰ ਛੁਡਾਨੀ ਧਾਮ ਵੱਲੋਂ ਡੇਰਾ ਛੱਡਣ ਦਾ ਨਿਰਦੇਸ਼ ਜਾਰੀ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਉਸ ਵੱਲੋਂ ਸਮਾਗਮ ਕਰਵਾਉਣ ਦਾ ਐਲਾਨ ਗ਼ਲਤ ਹੈ। ਇਸ ਸਾਰੇ ਵਿਵਾਦ ਨੂੰ ਦੇਖਦਿਆਂ ਛੁਡਾਨੀ ਧਾਮ ਦੇ ਮੁਖੀ ਸ੍ਰੀਮਹੰਤ ਦਯਾਸਾਗਰ ਨੇ ਵੀ ਡੀਸੀ ਲੁਧਿਆਣਾ ਨੂੰ ਚਿੱਠੀ ਲਿਖ ਕੇ ਇਸ ਸਮਾਗਮ ਦੀ ਆਗਿਆ ਨਾ ਦੇਣ ਲਈ ਚਿੱਠੀ ਲਿਖੀ। ਉਨ੍ਹਾਂ ਕਿਹਾ ਕਿ ਡੇਰੇ ’ਚ ਓਮਾਨੰਦ ਨਾਜਾਇਜ਼ ਤੇ ਜ਼ਬਰਦਸਤੀ ਬੈਠਾ ਹੈ, ਜੋ ਸਵਾਮੀ ਗੰਗਾ ਨੰਦ ਜੀ ਦੀ ਬਰਸੀ ਬਹਾਨੇ ਵੱਡਾ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ। ਦੂਸਰੇ ਪਾਸੇ ਇਨ੍ਹਾਂ ਤਾਰੀਕਾਂ ’ਚ ਤਲਵੰਡੀ ਖੁਰਦ ਦੀ ਪੰਚਾਇਤ ਤੇ ਜੱਥੇਬੰਦੀਆਂ ਸਮਾਗਮ ਕਰਵਾਉਣਾ ਚਾਹੁੰਦੀਆਂ ਹਨ। ਅਜਿਹੇ ਮਾਹੌਲ ’ਚ ਡੇਰੇ ’ਚ ਸਥਿਤੀ ਵਿਗੜ ਸਕਦੀ ਹੈ। ਜਿਸ ਨੂੰ ਦੇਖਦਿਆਂ ਆਪ ਜੀ ਵੱਲੋਂ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਤਲਵੰਡੀ ਧਾਮ ’ਚ ਸਾਲਾਨਾ ਸਮਾਗਮਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਤਲਵੰਡੀ ਧਾਮ ’ਚੋਂ ਓਮਾ ਨੰਦ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਸੰਗਤ ਨੂੰ ਸਾਲਾਨਾ ਸਮਾਗਮਾਂ ’ਚ ਨਾ ਪਹੁੰਚਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button