
ਅੰਮ੍ਰਿਤਸਰ, 11 ਅਗਸਤ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਨੀਵਾਰ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਚੱਲ ਰਹੇ ‘ਦਿ ਥਸਟਰ’ ਨਾਮਕ ਇਕ ਰੈਸਟੋਰੈਂਟ ’ਤੇ ਛਾਪਾ ਮਾਰਿਆ। ਜਾਣਕਾਰੀ ਮਿਲੀ ਸੀ ਕਿ ਰੈਸਟੋਰੈਂਟ ਦਾ ਮਾਲਕ ਆਪਣੇ ਕੰਪਲੈਕਸ ’ਚ ਗੈਰ-ਕਾਨੂੰਨੀ ਤੌਰ ’ਤੇ ਹੁੱਕਾ ਪਰੋਸ ਰਿਹਾ ਸੀ। ਬੀਐੱਸਐੱਫ ਤੇ ਐੱਨਸੀਬੀ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਰੈਸਟੋਰੈਂਟ ਤੋਂ 8 ਹੁੱਕੇ ਬਰਾਮਦ ਕੀਤੇ ਗਏ ਹਨ, ਜੋ ਲੋਕਾਂ ਨੂੰ ਖਾਸ ਕਰ ਕੇ ਨੌਜਵਾਨਾਂ ਨੂੰ ਵੱਡੀ ਰਕਮ ਵਸੂਲ ਕੇ ਪਰੋਸਿਆ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਹੁੱਕਿਆਂ ਵੱਲ ਆਕਰਸ਼ਿਤ ਹੁੰਦੇ ਸਕੂਲ-ਕਾਲਜ ਦੇ ਮੁੰਡੇ-ਕੁੜੀਆਂ ਅਕਸਰ ਇੱਥੇ ਹੁੱਕਾ ਪੀਣ ਲਈ ਆਉਂਦੇ ਹਨ। ਸਾਰੇ ਹੁੱਕੇ ਆਪਣੇ ਕਬਜ਼ੇ ’ਚ ਲੈਣ ਤੋਂ ਬਾਅਦ ਦੋਵਾਂ ਕੇਂਦਰੀ ਏਜੰਸੀਆਂ ਨੇ ਸਾਰਾ ਸਾਮਾਨ ਸਬੰਧਤ ਪੁਲਿਸ ਥਾਣਾ ਹਵਾਈ ਅੱਡੇ ਨੂੰ ਸੌਂਪ ਦਿੱਤਾ ਹੈ। ਮੁਲਜ਼ਮਾਂ ਵਿਰੁੱਧ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਦੂਜੇ ਪਾਸੇ ਇੰਸਪੈਕਟਰ ਬਲਜੀਤ ਕੌਰ ਨੇ ਕਿਹਾ ਕਿ ਦਿ ਥਸਟਰ ਰੈਸਟੋਰੈਂਟ ਦੇ ਮਾਲਕ ਸੁਭਾਸ਼ ਬਜਾਜ ਉਰਫ਼ ਵਾਸੂ ਵਾਸੀ ਨਿਵਾਸੀ 429, ਮੈਡੀਕਲ ਇਨਕਲੇਵ, ਅੰਮ੍ਰਿਤਸਰ ਵਿਰੁੱਧ ਤੰਬਾਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਹਫ਼ਤੇ ਵੀ ਇਸ ਰੈਸਟੋਰੈਂਟ ਦੇ ਦੂਜੇ ਭਾਈਵਾਲ ਰਾਹੁਲ ਨੰਦਵਾਨੀ, ਨਿਵਾਸੀ 2-ਏ, ਬਿਊਟੀ ਐਵੀਨਿਊ, ਫੇਜ਼-5, ਰੇਸ ਕੋਰਸ ਰੋਡ, ਅੰਮ੍ਰਿਤਸਰ ਵਿਰੁੱਧ ਹੁੱਕਾ ਪਰੋਸਣ ਲਈ ਮਾਮਲਾ ਦਰਜ ਕੀਤਾ ਗਿਆ ਸੀ। ਬਾਕਸ ਇੰਸਪੈਕਟਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਗੈਰ-ਕਾਨੂੰਨੀ ਕਾਰੋਬਾਰ ਪਤਾ ਲੱਗਿਆ ਹੈ ਕਿ ਉਕਤ ਰੈਸਟੋਰੈਂਟ ’ਚ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਦੀ ਸਰਪ੍ਰਸਤੀ ਹੇਠ ਹੁੱਕਾ ਪਰੋਸਿਆ ਜਾ ਰਿਹਾ ਸੀ। ਦੋਸ਼ ਹੈ ਕਿ ਰੈਸਟੋਰੈਂਟ ਦਾ ਮਾਲਕ ਕਾਨੂੰਨ ਨੂੰ ਛਿੱਕੇ ਟੰਗ ਕੇ ਨੌਜਵਾਨਾਂ ਨੂੰ ਹੁੱਕਾ (ਤੰਬਾਕੂ) ਪਰੋਸ ਕੇ ਗੋਰਖਧੰਦਾ ਚਲਾ ਰਿਹਾ ਸੀ। ਬਾਕਸ ਪੰਜਾਬ ਸਰਕਾਰ ਦੇ ਅਭਿਆਨ ਦੀ ਨਿਕਲੀ ਫੂਕ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨਸ਼ਿਆਂ ਵਿਰੁੱਧ ਹੈ, ਜਿੱਥੇ ਪੁਲਿਸ ਤੇ ਹੋਰ ਏਜੰਸੀਆਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀਆਂ ਹਨ। ਦੂਜੇ ਪਾਸੇ ਅਜਿਹੇ ਗੈਰ-ਕਾਨੂੰਨੀ ਹੁੱਕਾ ਬਾਰ ਨੌਜਵਾਨਾਂ ਨੂੰ ਨਸ਼ੇ ਦੀ ਪਹਿਲੀ ਪੌੜੀ ਵੱਲ ਧੱਕ ਰਹੇ ਹਨ। ਬੀਐੱਸਐੱਫ ਅਤੇ ਐੱਨਸੀਬੀ ਵੱਲੋਂ ਕੀਤੀ ਜਾ ਰਹੀ ਅਜਿਹੀ ਕਾਰਵਾਈ ਨੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਣਯੋਗ ਹੈ ਕਿ 19 ਜੁਲਾਈ ਦੀ ਰਾਤ ਨੂੰ ਉਪਰੋਕਤ ਦੋਵਾਂ ਏਜੰਸੀਆਂ ਨੇ ਹੁੱਕਾ ਪਰੋਸਣ ਦੇ ਦੋਸ਼ ’ਚ ਰਣਜੀਤ ਐਵੇਨਿਊ ਦੇ 2 ਰੈਸਟੋਰੈਂਟਾਂ ਤੇ ਏਅਰਪੋਰਟ ਰੋਡ ’ਤੇ ਇਕ ਰੈਸਟੋਰੈਂਟ ’ਤੇ ਛਾਪੇਮਾਰੀ ਕੀਤੀ ਸੀ।



