ਬੇਕਾਰ ਗਿਆ ਸੁਖਬੀਰ ਬਾਦਲ ਦਾ ਰੁੱਸਿਆਂ ਤੋਂ ਮਾਫ਼ੀ ਮੰਗਣਾ, ਭਰਤੀ ਕਮੇਟੀ ਵੱਲੋਂ ਭਲਕੇ ਨਵੀਂ ਪਾਰਟੀ ਦਾ ਐਲਾਨ ਕਰਨਾ ਤੈਅ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 10 ਅਗਸਤ : ਸ਼੍ਰੋਮਣੀ ਅਕਾਲੀ ਦਲ ਲਈ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵੱਲੋਂ ਬਣਾਈ ਗਈ ਭਰਤੀ ਕਮੇਟੀ ਐਤਵਾਰ 11 ਅਗਸਤ ਨੂੰ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਦੇ ਪ੍ਰਧਾਨ ਹੋ ਸਕਦੇ ਹਨ। ਭਰਤੀ ਕਮੇਟੀ ਨੇ ਬੈਠਕ ਲਈ ਸ੍ਰੀ ਦਰਬਾਰ ਸਾਹਿਬ (Sri Darbar Sahib) ‘ਚ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸੀ ਪਰ ਇਸ ਦੀ ਮਨਜ਼ੂਰੀ ਨਹੀਂ ਮਿਲੀ। ਭਰਤੀ ਕਮੇਟੀ ਨੂੰ ਭਾਈ ਗੁਰਦਾਸ ਹਾਲ ਮਿਲ ਰਿਹਾ ਸੀ ਪਰ ਸ਼ਰਤ ਇਹ ਸੀ ਕਿ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹੁਣ ਇਹ ਬੈਠਕ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਵੇਗੀ। ਮਹੱਤਵਪੂਰਨ ਇਹ ਹੈ ਕਿ ਸੁਖਬੀਰ ਬਾਦਲ ਵੱਲੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਆਗੂਆਂ ਤੋਂ ਮਾਫੀ ਮੰਗਣਾ ਵੀ ਬੇਅਸਰ ਸਾਬਿਤ ਹੋਇਆ ਹੈ। ਦਰਅਸਲ ਦੋ ਦਿਨ ਪਹਿਲਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋਵੇਂ ਹੱਥ ਜੋੜ ਕੇ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਆਗੂਆਂ ਤੋਂ ਮਾਫੀ ਮੰਗੀ ਸੀ। ਉਨ੍ਹਾਂ ਕਿਹਾ ਸੀ, “ਭਾਵੇਂ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤੇ ਮੇਰੀ ਵਜ੍ਹਾ ਨਾਲ ਉਨ੍ਹਾਂ ਦੇ ਮਨ ਵਿਚ ਨਾਰਾਜ਼ਗੀ ਹੋਵੇ। ਮੈਂ ਉਨ੍ਹਾਂ ਤੋਂ ਮਾਫੀ ਮੰਗਦਾ ਹਾਂ। ਪੰਜਾਬ ਅਤੇ ਪੰਜਾਬੀਅਤ ਲਈ ਉਹ ਪਾਰਟੀ ਵਿਚ ਵਾਪਸ ਆ ਜਾਣ। ਸੁਖਬੀਰ ਬਾਦਲ ਵੱਲੋਂ ਜਨਤਕ ਤੌਰ ‘ਤੇ ਮਾਫੀ ਮੰਗਣ ਦੇ ਬਾਵਜੂਦ ਇਸ ਦਾ ਭਰਤੀ ਕਮੇਟੀ ਦੇ ਮੈਂਬਰਾਂ ‘ਤੇ ਕੋਈ ਅਸਰ ਨਹੀਂ ਪਿਆ। ਇਹ ਵੀ ਮਹੱਤਵਪੂਰਨ ਹੈ ਕਿ ਪਾਰਟੀ ਪ੍ਰਧਾਨ ਨੇ ਮਾਫੀ ਮੰਗਣ ਤੋਂ ਇਲਾਵਾ ਨਾਰਾਜ਼ ਪਾਰਟੀ ਆਗੂਆਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਾਣਕਾਰੀ ਅਨੁਸਾਰ, ਭਰਤੀ ਕਮੇਟੀ ਵੱਲੋਂ ਸੋਮਵਾਰ ਦੀ ਬੈਠਕ ‘ਚ ਨਵੀਂ ਪੰਥਕ ਪਾਰਟੀ ਦਾ ਗਠਨ ਹੋਣਾ ਤੈਅ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਹੀ ਅਪਣਾਏਗੀ ਤੇ ਭਾਰਤੀ ਚੋਣ ਕਮਿਸ਼ਨ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰੇਗੀ। ਇਹ ਵੀ ਮਹੱਤਵਪੂਰਨ ਹੈ ਕਿ ਨਵੀਂ ਪਾਰਟੀ ਭਾਵੇਂ ਕਮਿਸ਼ਨ ਸਾਹਮਣੇ ਦਾਅਵਾ ਕਰੇ, ਪਰ ਇਸ ਨੂੰ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਭਰਤੀ ਕੀਤੇ ਗਏ ਮੈਂਬਰਾਂ ਦੀ ਸੂਚੀ ਤੇ ਨਵੇਂ ਪ੍ਰਧਾਨ ਸੁਖਬੀਰ ਬਾਦਲ ਨੂੰ ਚੁਣਨ ਦੀ ਪ੍ਰਕਿਰਿਆ ਬਾਰੇ ਕਮਿਸ਼ਨ ਨੂੰ ਜਾਣੂ ਕਰਵਾ ਚੁੱਕਾ ਹੈ। ਇਸ ਤਰ੍ਹਾਂ, ਸ਼੍ਰੋਮਣੀ ਅਕਾਲੀ ਦਲ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਥਕ ਵੋਟਬੈਂਕ ‘ਚ ਵੰਡ ਹੋਣੀ ਪੱਕੀ ਹੈ। ਭਰਤੀ ਕਮੇਟੀ ਵੀ ਦਾਅਵਾ ਕਰ ਰਹੀ ਹੈ ਕਿ ਉਸਨੇ ਛੇ ਮਹੀਨਿਆਂ ਦੇ ਯਤਨਾਂ ਤੋਂ ਬਾਅਦ ਸੂਬੇ ਵਿਚ 15 ਲੱਖ ਮੈਂਬਰ ਬਣਾਏ ਹਨ।



