ਮਹੇਸ਼ ਮਖੀਜਾ ਨੂੰ ਮਿਲੀ ਜ਼ਮਾਨਤ ਪਰ ਵਿਦੇਸ਼ ਜਾਣ ’ਤੇ ਰੋਕ
ਆੜ੍ਹਤੀ ਦੇ ਘਰੋਂ ਮਿਲੇ 29 ਲੱਖ ’ਚੋਂ ਵਿਧਾਇਕ ਰਮਨ ਅਰੋੜਾ ਦੇ ਸਨ 15 ਲੱਖ

ਜਲੰਧਰ, 10 ਅਗਸਤ : ਵਿਧਾਇਕ ਰਮਨ ਅਰੋੜਾ ਦੇ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਆੜ੍ਹਤੀ ਮਹੇਸ਼ ਮਖੀਜਾ ਨੂੰ ਜ਼ਮਾਨਤ ਮਿਲ ਗਈ ਹੈ ਪਰ ਅਦਾਲਤ ਨੇ ਉਸ ਦੇ ਵਿਦੇਸ਼ ਜਾਣ ’ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਹਰ ਪੇਸ਼ੀ ’ਤੇ ਮਖੀਜਾ ਦੀ ਨਿੱਜੀ ਹਾਜ਼ਰੀ ਲਾਜ਼ਮੀ ਹੋਵੇਗੀ। ਵਿਜੀਲੈਂਸ ਬਿਊਰੋ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮਹੇਸ਼ ਮਖੀਜਾ ਦੇ ਘਰੋਂ ਬਰਾਮਦ ਕੀਤੇ ਗਏ 29 ਲੱਖ ਵਿੱਚੋਂ 15 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਸਨ ਜਦਕਿ 14 ਲੱਖ ਰੁਪਏ ਮਖੀਜਾ ਦੇ ਆਪਣੇ ਸਨ। ਵਿਜੀਲੈਂਸ ਦਾ ਦੋਸ਼ ਹੈ ਕਿ ਇਹ ਰਕਮ ਰਿਸ਼ਵਤ ਦੇ ਤੌਰ ’ਤੇ ਲਈ ਗਈ ਸੀ ਅਤੇ ਮਖੀਜਾ ਵਿਧਾਇਕ ਅਰੋੜਾ ਦੇ ਨਾਂ ’ਤੇ ਵੀ ਲੋਕਾਂ ਤੋਂ ਪੈਸੇ ਵਸੂਲਦਾ ਸੀ। ਵਿਜੀਲੈਂਸ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਬਰਾਮਦ ਕੀਤੀ ਗਈ ਰਕਮ ਰਿਸ਼ਵਤ ਦੀ ਹੈ ਅਤੇ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਸਬੰਧਤ ਹੈ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਰਮਨ ਅਰੋੜਾ ਆਪਣੇ ਰਿਸ਼ਵਤ ਦੇ ਪੈਸੇ ਮਖੀਜਾ ਕੋਲ ਸੁਰੱਖਿਅਤ ਰੱਖਦਾ ਸੀ। ਇਸ ਗੱਲ ਦਾ ਜ਼ਿਕਰ ਵਿਜੀਲੈਂਸ ਦੇ ਰਿਕਾਰਡ ਵਿਚ ਵੀ ਦਰਜ ਹੈ। ਦੂਜੇ ਪਾਸੇ ਮਖੀਜਾ ਦੇ ਵਕੀਲ ਨੇ ਅਦਾਲਤ ਵਿਚ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮਹੇਸ਼ ਮਖੀਜਾ ਬੇਗੁਨਾਹ ਹੈ ਅਤੇ ਜਾਂਚ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਵੇਗਾ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮਖੀਜਾ ਦਾ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਬਰਾਮਦ ਕੀਤੀ ਗਈ ਰਕਮ ਨੂੰ ਗਲਤ ਤਰੀਕੇ ਨਾਲ ਰਿਸ਼ਵਤ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਖੀਜਾ ਨੂੰ ਜ਼ਮਾਨਤ ਤਾਂ ਦੇ ਦਿੱਤੀ ਪਰ ਉਸ ਦੇ ਵਿਦੇਸ਼ ਜਾਣ ’ਤੇ ਪਾਬੰਦੀ ਲਗਾ ਦਿੱਤੀ। ਵਿਜੀਲੈਂਸ ਹੁਣ ਜਾਂਚ ਕਰ ਰਹੀ ਹੈ ਕਿ ਮਖੀਜਾ ਅਤੇ ਅਰੋੜਾ ਦੇ ਵਿਚਕਾਰ ਪੈਸਿਆਂ ਦੇ ਲੈਣ-ਦੇਣ ਦਾ ਅਸਲ ਪੈਟਰਨ ਕੀ ਸੀ ਅਤੇ ਕਿਹੜੇ-ਕਿਹੜੇ ਮਾਮਲਿਆਂ ਵਿਚ ਰਿਸ਼ਵਤ ਲਈ ਗਈ ਸੀ।



