ਬ੍ਰਿਟਿਸ਼ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਤੋਂ ਜਾਸੂਸੀ ਕਰਵਾ ਰਿਹੈ ਚੀਨ, ਬ੍ਰੇਟਬਾਰਟ ਲੰਡਨ ਦੀ ਰਿਪੋਰਟ ’ਚ ਦਾਅਵਾ

ਲੰਡਨ, 10 ਅਗਸਤ : ਬ੍ਰਿਟਿਸ਼ ਯੂਨੀਵਰਸਿਟੀਆਂ ’ਚ ਚੀਨੀ ਵਿਦਿਆਰਥੀਆਂ ਤੋਂ ਜਾਸੂਸੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰੇਟਬਾਰਟ ਲੰਡਨ ਦੀ ਇਕ ਰਿਪੋਰਟ ’ਚ ਦੋਸ਼ ਲਗਾਇਆ ਗਿਆ ਹੈ ਕਿ ਇਹ ਕੰਮ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਯੂਕੇ-ਚਾਈਨਾ ਟ੍ਰਾਂਸਪੇਰੈਂਸੀ (ਯੂਕੇਸੀਟੀ) ਦੀ ਜਾਂਚ ’ਚ ਬ੍ਰਿਟੇਨ ਦੇ ਚੀਨੀ ਅਧਿਐਨ ਪ੍ਰੋਗਰਾਮਾਂ ’ਚ ਸਿੱਖਿਆਵਾਦੀਆਂ ਦਾ ਸਰਵੇਖਣ ਕੀਤਾ ਗਿਆ। ਬ੍ਰੇਟਬਾਰਟ ਲੰਡਨ ਨੇ ਨਤੀਜਿਆਂ ’ਚ ਦਾਅਵਾ ਕੀਤਾ ਕਿ ਯੂਕੇ ’ਚ ਅਧਿਐਨ ਕਰ ਰਹੇ ਚੀਨੀ ਵਿਦਿਆਰਥੀਆਂ ’ਤੇ ਸੀਸੀਪੀ ਅਧਿਕਾਰੀਆਂ ਤੇ ਪੁਲਿਸ ਵੱਲੋਂ ਆਪਣੇ ਸਹਿਪਾਠੀਆਂ, ਵਿੱਦਿਅਕ ਚਰਚਾਵਾਂ ਤੇ ਕੈਂਪਸ ਦੇ ਪ੍ਰੋਗਰਾਮਾਂ ’ਤੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਚੀਨੀ ਵਿਦਿਆਰਥੀਆਂ ਨੇ ਸਵੀਕਾਰ ਕੀਤਾ ਕਿ ਹਰ ਪਾਸੇ ਨਿਗਰਾਨੀ ਹੋ ਰਹੀ ਹੈ ਤੇ ਕਈ ਵਿਦਿਆਰਥੀਆਂ ਨੂੰ ਘਰ ਪਰਤਣ ’ਤੇ ਚੀਨੀ ਅਧਿਕਾਰੀਆਂ ਤੋਂ ਪੁੱਛਗਿੱਥ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਤਾਂਕਿ ਵਾਦ-ਵਿਵਾਦ ’ਚ ਹਾਂਗਕਾਂਗ, ਤਿੱਬਤ ਤੇ ਜਿਨਜਿਆਂਗ ’ਚ ਮਨੁੱਖੀ ਅਧਿਕਾਰ ਘਾਣ ਦੇ ਜ਼ਿਕਰ ’ਤੇ ਚੁੱਪੀ ਲਗਾਈ ਜਾ ਸਕੇ, ਜਿਸ ਨੂੰ ਬੀਜਿੰਗ ਸ਼ਰਮਨਾਕ ਸਮਝਦਾ ਹੈ। ਬ੍ਰੇਟਬਾਰਟ ਲੰਡਨ ਅਨੁਸਾਰ, ਚੀਨੀ ਵਿਦਿਆਰਥੀ ਜਾਸੂਸਾਂ ਦਾ ਮੁੱਢਲਾ ਸੋਮਾ ਹੈ ਤੇ ਉਹ ਸਥਾਨਕ ਵਣਜ ਦੂਤਘਰਾਂ ਨਾਲ ਲਗਾਤਾਰ ਸੰਪਰਕ ’ਚ ਰਹਿੰਦੇ ਹਨ। ਰਿਪੋਰਟ ’ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਚੀਨੀ ਡਿਪਲੋਮੈਟਾਂ ਤੇ ਸੀਸੀਪੀ ਨਾਲ ਜੁੜੇ ਸੰਚਾਲਕਾਂ ਨੇ ਯੂਕੇ ’ਚ ਚੀਨ ਨਾਲ ਸਬੰਧਤ ਵਿੱਦਿਅਕ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਝ ਮਾਮਲਿਆਂ ’ਚ ਯੂਨੀਵਰਸਿਟੀਆਂ ਨੇ ਕਥਿਤ ਤੌਰ ’ਤੇ ਚੀਨੀ ਸਰਕਾਰ ਦੇ ਸਿੱਧੇ ਦਬਾਅ ਤੋਂ ਬਾਅਦ ਰਿਸਰਚ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।



