
ਗੁਰੂਹਰਸਹਾਏ, 6 ਅਗਸਤ : ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਦੈਦੀਪ ਸਿੰਘ ਸਿੱਧੂ, ਉਪ ਮੰਡਲ ਮੈਜਿਸਟਰੇਟ, ਗੁਰੂਹਰਸਹਾਏ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਬਣਾਏ ਗਏ ਹੜ੍ਹ ਰਾਹਤ ਕੈਂਪਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦਾ ਮੁੱਖ ਉਦੇਸ਼ ਇਨ੍ਹਾਂ ਕੈਂਪਾਂ ਵਿਚ ਮੌਜ਼ੂਦ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕੇ। ਸਿੱਧੂ ਨੇ ਪਿੰਡ ਦੋਨਾ ਮੱਤੜ (ਗਜਨੀ ਵਾਲਾ) ਅਤੇ ਪਿੰਡੀ ਵਿਖੇ ਸਥਾਪਿਤ ਕੀਤੇ ਗਏ ਰਾਹਤ ਕੈਂਪਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਉਨ੍ਹਾਂ ਨੇ ਉੱਥੇ ਮੌਜ਼ੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਸਹੂਲਤਾਂ ਦੀ ਜਾਣਕਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਵਿਚ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੋਰ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਜ਼ਰੂਰੀ ਆਦੇਸ਼ ਵੀ ਜਾਰੀ ਕੀਤੇ। ਰਾਹਤ ਕੈਂਪਾਂ ਦਾ ਦੌਰਾ ਕਰਨ ਤੋਂ ਬਾਅਦ, ਐੱਸਡੀਐੱਮ ਗੁਰੂਹਰਸਹਾਏ ਨੇ ਪਿੰਡ ਦੋਨਾ ਮੱਤੜ ਦੇ ਨਾਲ ਲੱਗਦੇ ਸਤਲੁਜ ਦਰਿਆ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਦਰਿਆ ਵਿਚ ਪਾਣੀ ਦੇ ਪੱਧਰ ਦੀ ਜਾਂਚ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ’ਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤਲੁਜ ਵਿਚ ਪਾਣੀ ਦੇ ਪੱਧਰ ਨੂੰ ਦੇਖਦਿਆਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਇੰਤਜ਼ਾਮ ਕਰ ਲਏ ਹਨ। ਇਸ ਦੌਰੇ ਦੌਰਾਨ ਐੱਸਡੀਐੱਮ ਗੁਰੂਹਰਸਹਾਏ ਦੇ ਨਾਲ ਗੁਰਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰੂਹਰਸਹਾਏ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜ਼ੂਦ ਸਨ। ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਸਾਰੇ ਲੋੜੀਂਦੇ ਪ੍ਰਬੰਧ ਤਿਆਰ ਹਨ।



