
ਕਾਨਪੁਰ, 6 ਅਗਸਤ : ਕਾਨਪੁਰ ਸ਼ਹਿਰ ‘ਚ ਬੇਸਹਾਰਾ ਜਾਨਵਰਾਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਆਏ ਦਿਨ ਉਹ ਕਿਸੇ ਨਾ ਕਿਸੇ ਦੀ ਜਾਨ ਲੈ ਰਹੇ ਹਨ। ਬਿਠੂਰ ਥਾਨਾ ਖੇਤਰ ‘ਚ ਮੰਗਲਵਾਰ ਰਾਤ ਇਕ ਨੌਜਵਾਨ ਜੋ ਬਾਈਕ ‘ਤੇ ਘਰ ਵਾਪਸ ਆ ਰਿਹਾ ਸੀ, ਨੂੰ ਇਕ ਸਾਨ੍ਹ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਨੇੜੇ ਦੇ ਨਿੱਜੀ ਹਸਪਤਾਲ ‘ਚ ਨੌਜਵਾਨ ਨੂੰ ਦਾਖ਼ਲ ਕਰਵਾਇਆ, ਜਿੱਥੇ ਬੁੱਧਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਿਠੂਰ ਥਾਣਾ ਖੇਤਰ ਦੇ ਦਵਾਰਿਕਾਗੰਜ ਨਿਵਾਸੀ 25 ਸਾਲਾ ਅੰਕਿਤ ਕਾਰ ਚਲਾਉਂਦਾ ਸੀ, ਦੇ ਪਰਿਵਾਰ ‘ਚ ਉਸ ਦੀ ਪਤਨੀ ਅਰਚਨਾ, ਮਾਂ ਚਮੇਲੀ ਦੇਵੀ, ਭਰਾ ਅਜੈ, ਅਸ਼ੋਕ ਤੇ ਛੋਟੂ ਹਨ। ਚਾਰ ਮਹੀਨੇ ਪਹਿਲਾਂ ਹੀ ਅੰਕਿਤ ਦੀ ਲਖੀਮਪੁਰ ਖੀਰੀ ਨਿਵਾਸੀ ਅਰਚਨਾ ਨਾਲ ਵਿਆਹ ਹੋਇਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਰਾਤ ਸਮੇਂ ਬਾਈਕ ‘ਤੇ ਬੈਰਾਜ ਮਾਰਗ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ, ਹੋਟਲ ਇਟਰਨਿਟੀ ਸਾਹਮਣੇ ਅਚਾਨਕ ਇਕ ਸਾਨ੍ਹ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬਾਈਕ ਸਮੇਤ ਉੱਡ ਕੇ ਦੂਰ ਜਾ ਡਿੱਗਾ। ਜਿਸ ਕਾਰਨ ਉਸ ਦਾ ਹੈਲਮੇਟ ਵੀ ਸਿਰ ਤੋਂ ਬਾਹਰ ਨਿਕਲ ਗਿਆ ਸੀ।



