
ਜ਼ੀਰਾ, , 6 ਅਗਸਤ : ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਬਾਬਾ ਅਜੀਤ ਸਿੰਘ ਮਿਗਲਾਨੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਦੀ ਅਗਵਾਈ ਹੇਠ ਸੁਸਾਇਟੀ ਵੱਲੋਂ ਜ਼ੀਰਾ ਵਿਖੇ ਤੈਨਾਤ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੈਫਿਕ ਇੰਚਾਰਜ਼ ਏਐੱਸਆਈ ਬਲੌਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਸੁਸਾਇਟੀ ਵੱਲੋਂ ਤਿਆਰ ਕਰਵਾਏ ਗਏ ਥੈਲੇ ਅਤੇ ਸ੍ਰੀ ਹਜੂਰ ਸਾਹਿਬ ਦਾ ਪ੍ਰਸ਼ਾਦ ਭੇਟ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਾਬਾ ਅਜੀਤ ਸਿੰਘ ਮਿਗਲਾਨੀ ਨੇ ਕਿਹਾ ਕਿ ਟਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਹਰ ਸਾਲ ਯਾਤਰੀਆਂ ਦੀ ਸਹੂਲਤ ਲਈ ਪੱਖੇ ਦਾਨ ਕੀਤੇ ਜਾਂਦੇ ਹਨ,ਜਿਸ ਕਰਕੇ ਸੁਸਾਇਟੀ ਵੱਲੋਂ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਸੁਸਾਇਟੀ ਨੂੰ ਹਮੇਸ਼ਾ ਯੋਗਦਾਨ ਦਿੰਦੇ ਹਨ। ਇਸ ਮੌਕੇ ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਨੇ ਦੱਸਿਆ ਕਿ ਪੁਲੀਸ ਕਰਕੇ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਤਕਲੀਫ ਨਹੀਂ ਉਠਾਉਣੀ ਪੈਂਦੀ। ਇਸ ਮੌਕੇ ਏਐੱਸਆਈ ਗੁਰਭੇਜ ਸਿੰਘ, ਏਐੱਸਆਈ ਹਰਪਿੰਦਰਜੀਤ ਸਿੰਘ, ਏਐੱਸਆਈ ਰਜਿੰਦਰ ਸਿੰਘ ਬੇਰੀ, ਹਵਲਦਾਰ ਸੁਖਜਿੰਦਰ ਸਿੰਘ ਅਤੇ ਕਾਂਸਟੇਬਲ ਸਨਰੀਤਪਾਲ ਸਿੰਘ ਆਦਿ ਪੁਲਿਸ ਅਧਿਕਾਰੀ ਮੌਜ਼ੂਦ ਸਨ। ਸੁਸਾਇਟੀ ਦੇ ਮੈਂਬਰਾਂ ਪ੍ਰਦੀਪ ਸਿੰਘ ਰਾਜੂ ਅਤੇ ਵਿਜੇ ਧਵਨ ਨੇ ਵੀ ਟਰੈਫਿਕ ਪੁਲੀਸ ਦੀ ਸੇਵਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੇ ਸਮਰਪਣ ਭਾਵ ਨੂੰ ਦਰਸਾਉਂਦਾ ਹੈ। ਇਸ ਸਮਾਗਮ ਵਿਚ ਸੁਸਾਇਟੀ ਦੇ ਹੋਰ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਵੀ ਹਿੱਸਾ ਲਿਆ।



