Punjab

ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਵਾਪਸ ਲੈਣ ਦਾ ਲਿਆ ਫ਼ੈਸਲਾ

ਰੀਪ੍ਰਿੰਟਿੰਗ 'ਚ ਵੱਡੇ ਪੱਧਰ 'ਤੇ ਹੋਈਆਂ ਸਨ ਗਲਤੀਆਂ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 6 ਅਗਸਤ : ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਵਾਪਸ ਲੈ ਕੇ ਇਸ ਨੂੰ ਨਸ਼ਟ ਕਰਨ ਦਾ ਭਰੋਸਾ ਦਿੱਤਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਇਕ ਵਫ਼ਦ ਦੀ ਮੀਟਿੰਗ ਹੋਈ, ਜਿਸ ’ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੀ ਸ਼ਾਮਲ ਸਨ, ਵਿਚ ਇਹ ਭਰੋਸਾ ਦਿੱਤਾ ਗਿਆ। ਯੂਨੀਵਰਸਿਟੀ ਨੇ ਇਸ ਦੇ ਲਈ 15 ਦਿਨ ਦਾ ਸਮਾਂ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ 1930 ਵਿਚ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ਇਕ ਮਹਾਨ ਕੋਸ਼ ਤਿਆਰ ਕੀਤਾ, ਜਿਸ ਦੀ ਕੁਝ ਸਾਲ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰੀ-ਪ੍ਰਿੰਟਿੰਗ ਕਰਵਾਈ ਸੀ ਪਰ ਇਸ ਰੀ-ਪ੍ਰਿੰਟਿੰਗ ਦੌਰਾਨ ਕਈ ਗ਼ਲਤੀਆਂ ਸਾਹਮਣੇ ਆਈਆਂ, ਜਿਸ ਨੂੰ ਲੈ ਕੇ ਪੰਜਾਬੀ ਭਾਸ਼ਾ ਦੇ ਵਿਦਵਾਨ ਸਮੇਂ-ਸਮੇਂ ’ਤੇ ਇਸ ਨੂੰ ਵਾਪਸ ਲੈਣ ਅਤੇ ਨਸ਼ਟ ਕਰਨ ਦਾ ਮੁੱਦਾ ਚੁੱਕਦੇ ਰਹੇ ਪਰ ਯੂਨੀਵਰਸਿਟੀ ਇਸ ਦੇ ਲਈ ਤਿਆਰ ਨਹੀਂ ਹੋਈ। ਸਾਬਕਾ ਐੱਸਜੀਪੀਸੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੇ ਸਮੇਂ ਵੀ ਮਹਾਨ ਕੋਸ਼ ਦੀ ਰੀ-ਪ੍ਰਿੰਟਿੰਗ ਨੂੰ ਵਾਪਸ ਲੈਣ ਦੀ ਮੰਗ ਚੁੱਕੀ ਗਈ। ਸਰਕਾਰ ਬਦਲਣ ਤੋਂ ਬਾਅਦ ਇਹ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਚੁੱਕਿਆ ਗਿਆ, ਜਿਸ ਵਿਚ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟ੍ਰਾਰ ਡਾ. ਪਿਆਰਾ ਲਾਲ ਗਰਗ, ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਤੇ ਸਿੱਖ ਸਕਾਲਰ ਅਮਰਜੀਤ ਸਿੰਘ ਧਵਨ ਸ਼ਾਮਲ ਸਨ। ਡਾ. ਧਵਨ ਨੇ ਹੀ ਸਭ ਤੋਂ ਪਹਿਲਾਂ ਇਹ ਮਾਮਲਾ ਉਜਾਗਰ ਕੀਤਾ ਸੀ ਅਤੇ ਰੀ-ਪ੍ਰਿੰਟਿੰਗ ਵਾਲੇ ਮਹਾਨ ਕੋਸ਼ ਨੂੰ ਵਾਪਸ ਲੈਣ ਦੀ ਮੰਗ ਚੁੱਕੀ। ਅੱਜ ਵੀ ਇਹ ਵਫ਼ਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਅੱਜ ਆਖ਼ਰੀ ਵਾਰ ਉਨ੍ਹਾਂ ਕੋਲ ਆਏ ਹਨ। ਜੇਕਰ ਤੈਅ ਸਮੇਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਨਹੀਂ ਕੀਤਾ ਗਿਆ ਤਾਂ ਉਹ ਇਸ ਮਹਾਨ ਕੋਸ਼ ਦੇ ਮਾਮਲੇ ਨੂੰ ਆਮ ਜਨਤਾ ਵਿਚਾਲੇ ਲੈ ਕੇ ਜਾਣਗੇ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button