SJF ਨੇ ਸਰੀ ’ਚ ਖੋਲ੍ਹੀ ਖ਼ਾਲਿਸਤਾਨ ਅੰਬੈਸੀ
ਸਰਕਾਰੀ ਇਮਾਰਤਾਂ ’ਤੇ ਲੱਗੀਆਂ ‘ਖਾਲਿਸਤਾਨ ਗਣਰਾਜ’ ਦੀਆਂ ਤਖ਼ਤੀਆਂ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 6 ਅਗਸਤ : ਪਾਬੰਦੀਸ਼ੁਦਾ ਖ਼ਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (ਐੱਸਜੇਐੱਫ) ਨੇ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਗੁਰਦੁਆਰਾ ਕੰਪਲੈਕਸ ਦੀ ਇਕ ਇਮਾਰਤ ’ਚ ਖ਼ਾਲਿਸਤਾਨੀ ਅੰਬੈਸੀ ਖੋਲ੍ਹ ਦਿੱਤੀ ਹੈ। ਸਿੱਖ ਭਾਈਚਾਰੇ ਲਈ ਕਮਿਊਨਿਟੀ ਸੈਂਟਰ ਦੇ ਤੌਰ ’ਤੇ ਇਸਤੇਮਾਲ ਹੁੰਦੀ ਰਹੀ ਗੁਰਦੁਆਰੇ ਦੀ ਇਸ ਇਮਾਰਤ ’ਚ ਖ਼ਾਲਿਸਤਾਨ ਗਣਰਾਜ ਦੀਆਂ ਤੱਖ਼ਤੀਆਂ ਲੱਗੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਜਿਸ ਇਮਾਰਤ ’ਚ ਇਹ ਅੰਬੈਸੀ ਖੋਲ੍ਹੀ ਗਈ ਹੈ, ਉਹ ਕੈਨੇਡਾ ਸਰਕਾਰ ਦੇ ਫੰਡ ਨਾਲ ਬਣੀ ਹੈ। ਸਥਾਨਕ ਲੋਕਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣੇ ਜਿਹੇ ਇਸ ਇਮਾਰਤ ’ਚ ਲਿਫਟ ਲਗਾਉਣ ਲਈ 1,50,00 ਕੈਨੇਡੀਅਨ ਡਾਲਰ ਦੀ ਰਾਸ਼ੀ ਅਲਾਟ ਕੀਤੀ ਸੀ। ਇਹ ਘਟਨਾ ਚੱਕਰ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਦੀ ਖ਼ੁਫ਼ੀਆ ਏਜੰਸੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਖ਼ਾਲਿਸਤਾਨੀ ਅੱਤਵਾਦੀ ਹੁਣ ਵੀ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਖ਼ਾਲਿਸਤਾਨ ਦੇ ਪ੍ਰਚਾਰ, ਫੰਡਿੰਗ ਤੇ ਹਿੰਸਾ ਦੀ ਸਾਜ਼ਿਸ਼ ਰਚਣ ਲਈ ਕਰਦੇ ਹਨ। ਸੀਐੱਸਆਈਐੱਸ ਨੇ ਖ਼ਾਲਿਸਤਾਨੀ ਤੱਤਾਂ ਨੂੰ ਸਪਸ਼ਟ ਤੌਰ ’ਤੇ ਸਿਆਸੀ ਰੂਪ ਤੋਂ ਪ੍ਰੇਰਤ ਹਿੰਸਕ ਅੱਤਵਾਦ ਦੇ ਰੂਪ ’ਚ ਪਛਾਣਿਆ ਹੈ। ਰਿਪੋਰਟ ’ਚ ਭਾਰਤ ਦੀ ਸਾਲਾ ਪੁਰਾਣੀ ਚਿੰਤਾ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ 1980 ਦੇ ਦਹਾਕੇ ਤੋਂ ਕੈਨੇਡਾ-ਅਧਾਰਤ ਖ਼ਾਲਿਸਤਾਨੀ ਅੱਤਵਾਦੀ ਹਿੰਸਕ ਤਰੀਕਿਆਂ ਨਾਲ ਵੱਖਵਾਦੀ ਏਜੰਡਾ ਚਲਾਉਂਦੇ ਆ ਰਹੇ ਹਨ, ਜਿਨ੍ਹਾਂ ਦਾ ਟੀਚਾ ਭਾਰਤੀ ਪੰਜਾਬ ’ਚ ਇਕ ਸੁਤੰਤਰਤ ਖ਼ਾਲਿਸਤਾਨ ਬਣਾਉਣਾ ਹੈ। ਸੀਐੱਸਆਈਐੱਸ ਮੁਤਾਬਕ ਸਿਆਸਤ ਤੋਂ ਪ੍ਰੇਰਤ ਹਿੰਸਕ ਅੱਤਵਾਦ ਦਾ ਅਰਥ ਹੈ ਕਿ ਸਿਆਸੀ ਵਿਵਸਥਾ ਨੂੰ ਹਿੰਸਾ ਜਾਂ ਜ਼ੋਰ ਨਾਲ ਬਦਲਣ ਦੀ ਕੋਸ਼ਿਸ਼। ਇਸ ਘਟਨਾ ਤੋਂ ਬਾਅਦ ਇਕ ਵਾਰ ਮੁੜ ਭਾਰਤ ਤੇ ਕੈਨੇਡਾ ਵਿਚਲੇ ਸਫ਼ਾਰਤੀ ਰਿਸ਼ਤਿਆਂ ’ਚ ਤਣਾਅ ਪੈਦਾ ਹੋਣ ਦਾ ਖ਼ਤਰਾ ਬਣ ਗਿਆ ਹੈ। ਭਾਰਤ ਨੇ ਕਈ ਵਾਰ ਕੈਨੇਡਾ ਸਰਕਾਰ ’ਤੇ ਇਹੋ ਜਿਹੇ ਸਮੂਹਾਂ ’ਤੇ ਲਗਾਮ ਲਗਾਉਣ ’ਚ ਢਿੱਲ ਵਰਤਣ ਦਾ ਦੋਸ਼ ਲਗਾਇਆ ਹੈ। ਭਾਰਤ ਦਾ ਕਹਿਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ’ਚ ਅੱਤਵਾਦ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਹੁਣ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜ ਗਿਆ ਹੈ। ਇਸ ਨੂੰ ਅੰਤਰਰਾਸ਼ਟਰੀ ਮੰਚ ਤੱਕ ਲੈ ਕੇ ਜਾਣਾ ਪਵੇਗਾ। ਸਤੰਬਰ 2023 ’ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ। ਇਸ ਨਾਲ ਭਾਰਤ ਵਿਰੋਧੀ ਅੱਤਵਾਦ ਬਾਰੇ ਕੈਨੇਡਾ ਦੀ ਭੂਮਿਕਾ ’ਤੇ ਨਵੇਂ ਸਿਰੇ ਤੋਂ ਚਿੰਤਾ ਖੜ੍ਹੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ’ਚ 29 ਤੋਂ ਵੱਧ ਗੈੱਗਸਟਰਾਂ ਨੇ ਪਨਾਹ ਲੈ ਰੱਖੀ ਹੈ। ਜਿਨ੍ਹਾਂ ’ਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਸਤਿੰਦਰ ਜੀਤ ਸਿੰਘ ਉਰਫ਼ ਗੋਲ਼ੀ ਬਰਾੜ, ਬਾਬਾ ਡੱਲਾ ਅਸਲੀ ਨਾਂ ਗੁਰਵਿੰਦਰ ਸਿੰਘ, ਸੈਮ ਅਸਲੀ ਨਾਂ ਸਤਵਿੰਦਰ ਸਿੰਘ, ਸਨੋਵਰ ਢਿੱਲੋਂ, ਲਖਬੀਰ ਸਿੰਘ, ਅਰਸ਼ ਡੱਲ, ਗਗਨਾ ਉਰਫ਼ ਗਗਨਦੀ, ਦੀਪ ਨਵਾਂਸ਼ਹਿਰੀਆਂ, ਰਮਨ ਜੱਜ, ਰਿੰਕੂ ਬਿਹਲਾ ਆਦਿ ਕਈ ਨਾਂ ਹੈ। ਜੋ ਕਿ ਅੱਤਵਾਦੀ ਵਾਰਦਾਤਾਂ ਨਾਲ ਜੁੜੇ ਹਨ।



