Punjab

ਪਹਾੜਾਂ ’ਚ ਮੀਂਹ ਕਾਰਨ ਵਧਿਆ ਸਤਲੁਜ ਦਾ ਪੱਧਰ, 200 ਏਕੜ ਫਸਲ ਹੋਈ ਜਲਮਗਨ

ਬਾਲ ਕਿਸ਼ਨ

ਫਿਰੋਜ਼ਪੁਰ5 ਅਗਸਤ : ਪਹਾੜੀ ਇਲਾਕਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਕੁਦਰਤੀ ਵਹਾਅ ਵਾਲੇ ਸੂਬੇ ਪੰਜਾਬ ਦੇ ਦਰਿਆਵਾਂ ਦਾ ਪੱਧਰ ਵੀ ਅਚਾਨਕ ਵਧ ਗਿਆ ਹੈ। ਇਸ ਕਾਰਨ ਕਈ ਨੀਵੇਂ ਦਰਿਆਈ ਇਲਾਕਿਆਂ ਦੇ ਖੇਤਾਂ ’ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਅਜਿਹਾ ਕੁੱਝ ਹੀ ਬੀਤੀ ਰਾਤ ਫਿਰੋਜ਼ਪੁਰ ਦੇ ਪਿੰਡ ਬਸਤੀ ਚਮੜਿਆਂ ਵਾਲੀ ਤੇ ਰਾਮ ਲਾਲ ਦੇ ਆਸ-ਪਾਸ ਵੇਖਣ ਨੂੰ ਮਿਲਿਆਪੰਜਾਬ ਦੇ ਡੈਮਾਂ ਤੋਂ ਛੱਡੇ ਵਧੇਰੇ ਪਾਣੀ ਕਾਰਨ ਹਰੀ ਕੇ ਹੈੱਡਵਰਕਸ ਤੋਂ ਕਰੀਬ 20 ਹਜ਼ਾਰ ਕਿਊਸਿਕ ਪਾਣੀ ਹੂਸੈਨੀਵਾਲਾ ਡਾਊਨ ਸਟਰੀਮ ਛੱਡੇ ਜਾਣ ਕਾਰਨ ਬਸਤੀ ਰਾਮ ਲਾਲ ਦੇ ਆਸ-ਪਾਸ ਦੇ ਕੁੱਝ ਪਿੰਡਾਂ ਦੀ ਕਰੀਬ 200 ਏਕੜ ਫ਼ਸਲ ਪਾਣੀ ’ਚ ਡੁੱਬ ਗਈ। ਇਸ ਸਬੰਧੀ ਮੇਨ ਬੰਨ੍ਹ ਤੋਂ ਅੰਦਰ ਕੁੱਝ ਪਿੰਡਾਂ ਵੱਲੋਂ ਬਣਾਏ ਆਰਜੀ ਬੰਨ੍ਹ ਦੇ ਰਾਹ ਤੋਂ ਪਾਣੀ ਓਵਰ ਹੋਣ ਕਾਰਨ ਇਹ ਫ਼ਸਲ ਡੁੱਬ ਗਈ। ਸੋਮਵਾਰ ਦੇਰ ਸ਼ਾਮ ਨੂੰ ਮੱਲਾਂਵਾਲਾ ਖੇਤਰ ’ਚ ਦਰਿਆ ਅੰਦਰ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬਣਾਇਆ ਗਿਆ ਕੱਚੇ ਬੰਨ੍ਹ ਨੀਵੇਂ ਰਾਹ ਤੋਂ ਮਿੱਟੀ ਖੁਰ ਜਾਣ ਕਾਰਨ ਇਹ ਆਰਜੀ ਬੰਨ੍ਹ ਟੁੱਟਣ ਨਾਲ ਨੀਵੀਆਂ ਜ਼ਮੀਨਾਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ, ਜਿਸ ਕਾਰਨ 200 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ। ਨੀਵੇਂ ਖੇਤਾਂ ’ਚ ਪਾਣੀ ਭਰਨ ਸਬੰਧੀ ਪਤਾ ਲੱਗਦਿਆਂ ਹੀ ਬਸਤੀ ਰਾਮ ਲਾਲ, ਬਸਤੀ ਚਮੜਿਆਂ ਵਾਲੀ, ਮੁੱਠਿਆਂ ਵਾਲਾ, ਸੁਲਤਾਨ ਵਾਲਾ, ਨਿਜ਼ਾਮ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਮਿੱਟੀ ਤੇ ਬੋਰੀਆਂ ਨਾਲ ਬੰਨ੍ਹ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਈ ਏਕੜ ਝੋਨਾ ਪਾਣੀ ’ਚ ਡੁੱਬ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਗੁਰਮੀਤ ਸਿੰਘ ਡਰੇਨੇਜ਼ ਵਿਭਾਗ ਤੇ ਮਹਿਕਮਾ ਨਹਿਰੀ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਪਾਣੀ ਰੋਕਣ ਲਈ ਤੇ ਪੀੜਤ ਕਿਸਾਨਾਂ ਦੀ ਲੋੜ ਅਨੁਸਾਰ ਲੁੜੀਂਦੇ ਨਿਰਦੇਸ਼ ਦਿੱਤੇ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਖਦਸ਼ਾ ਜਤਾਇਆ ਕਿ ਜੇਕਰ ਜਲਦੀ ਬੰਨ੍ਹ ਦੀ ਮੁਰੰਮਤ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤਣ ਹੂਸੈਨੀਵਾਲਾ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋ ਗਿਆ ਹੈ।

ਬੀਐਸਐਫ ਦੇ ਮੋਰਚੇ ਸੁਰੱਖਿਅਤ ਹਨ : ਐੱਸਡੀਐੱਮ

ਐੱਸਡੀਐੱਮ ਗੁਰਮੀਤ ਸਿੰਘ ਨੇ ਦੱਸਿਆ ਕਿ ਦਰਿਆ ਕੁਦਰਤੀ ਵਹਾਅ ’ਚ ਵਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਬੰਨ੍ਹ ਦੇ ਅੰਦਰ ਕੁੱਝ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬਣਾਇਆ ਗਿਆ ਕੱਚੇ ਬੰਨ੍ਹ ਤੋਂ ਨੀਵਾਂ ਰਸਤਾ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ, ਜਿਸ ਕਾਰਨ ਕੁੱਝ ਕਿਸਾਨਾਂ ਦੀ ਫਸਲ ਡੁੱਬ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜ੍ਹਾ ਹੈ। ਕੱਚੇ ਬੰਨ੍ਹ ਅੰਦਰ ਆਪ੍ਰੇਸ਼ਨ ਸਿੰਧੂਰ ਦੌਰਾਨ ਬਣਾਏ ਗਏ ਬੀਐੱਸਐੱਫ ਦੇ ਮੋਰਚਿਆਂ ਸਬੰਧੀ ਪੁੱਛੇ ਜਾਣ ’ਤੇ ਐੱਸਡੀਐੱਮ ਨੇ ਦੱਸਿਆ ਕਿ ਮੋਰਚਿਆਂ ਦੀ ਸੁਰੱਖਿਆ ਲਈ ਡਰੇਨੇਜ਼ ਵਿਭਾਗ ਤੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਲੁੜੀਂਦੇ ਹੁਕਮ ਦੇ ਦਿੱਤੇ ਗਏ ਹਨ।

ਹੂਸੈਨੀਵਾਲਾ ਤੋਂ ਡਾਊਨ ਸਟਰੀਮ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ : ਡੀਸੀ 

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹਰੀਕੇ ਹੈੱਡ ਤੋਂ ਕਰੀਬ 20 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਦਰਿਆ ਦੇ ਨੀਵੇਂ ਇਲਾਕਿਆਂ ’ਚ ਪਾਣੀ ਦਾ ਪੱਧਰ ਵਧ ਰਿਹਾ ਸੀ। ਸਤਲੁਜ ਦਰਿਆ ਦੇ ਨੀਵੇਂ ਇਲਾਕਿਆਂ ’ਚ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਹੁਸੈਨੀਵਾਲਾ ਹੈੱਡ ਦੇ ਕੁਝ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਕਦਮ ਨਾਲ ਦਰਿਆ ਦੇ ਪਾਣੀ ਨੂੰ ਅੱਗੇ ਡਾਊਨ ਸਟਰੀਮ ਛੱਡਿਆ ਜਾ ਰਿਹਾ ਹੈ ਤਾਂ ਜੋ ਹਰੀਕੇ ਹੈੱਡ ਛੱਡੇ ਪਾਣੀ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਆਸ-ਪਾਸ ਦੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਤੋਂ ਬਚਾਅ ਹੋ ਸਕੇ। ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਦੀਆਂ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਨੂੰ ਦਿੱਤੀ ਜਾਵੇ

Related Articles

Leave a Reply

Your email address will not be published. Required fields are marked *

Back to top button