
ਲੁਧਿਆਣਾ, 5 ਅਗਸਤ : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਜਿਸ ਨੇ ਵਾਲਮਿਕੀ ਸਮਾਜ ਅਤੇ ਵਾਲਮਿਕੀ ਸਮਾਜ ਦੀਆਂ ਔਰਤਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਪੁਲਿਸ ਨੇ ਇਹ ਐਫ ਆਈਆਰ ਪ੍ਰੇਮ ਨਗਰ ਦੇ ਰਹਿਣ ਵਾਲੇ ਪ੍ਰਧਾਨ ਵਿਪਨ ਕਲਿਆਣ ਦੀ ਸ਼ਿਕਾਇਤ ਤੇ ਦਰਜ ਕੀਤੀ। ਜਾਣਕਾਰੀ ਦਿੰਦਿਆਂ ਭਗਵਾਨ ਵਾਲਮਿਕੀ ਧਰਮ ਸਮਾਜ ਸੰਸਥਾ ਦੇ ਪ੍ਰਧਾਨ ਵਿਪਿਨ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਵੀਡੀਓ ਭੇਜੀ। ਜਿਸ ਵਿੱਚ ਚੀਮਾ ਚੌਂਕ ਇਲਾਕੇ ਦਾ ਰਹਿਣ ਵਾਲਾ ਇੱਕ ਵਿਅਕਤੀ ਵਾਲਮਿਕੀ ਸਮਾਜ ਦੇ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਵੀਡੀਓ ਵਿੱਚ ਉਹ ਲੇਬਰ ਕਲੋਨੀ ਦੀਆਂ ਔਰਤਾਂ ਨੂੰ ਗਾਲੀ ਗਲੋਚ ਕਰਦਾ ਨਜ਼ਰ ਆ ਰਿਹਾ ਸੀ। ਉਸ ਨੇ ਸ਼ਰੇਆਮ ਵਾਲਮਿਕੀ ਸਮਾਜ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਵਿਪਨ ਕਲਿਆਣ ਨੇ ਦੱਸਿਆ ਕਿ ਅਜਿਹੀਆਂ ਵੀਡੀਓ ਸ਼ਹਿਰ ਦਾ ਮਾਹੌਲ ਖਰਾਬ ਕਰ ਸਕਦੀਆਂ ਹਨ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸਤਨਾਮ ਸਿੰਘ ਦੇ ਮੁਤਾਬਕ ਪੁਲਿਸ ਨੇ ਵਿਪਨ ਕਲਿਆਣ ਦੀ ਸ਼ਿਕਾਇਤ ‘ਤੇ ਸ਼ਮਸ਼ੇਰ ਸਿੰਘ ਪਰਵਾਨਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



