
ਭਿੱਖੀਵਿੰਡ, 4 ਅਗਸਤ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਕੋਰ ਕਮੇਟੀ ਦੀ ਮੀਟਿੰਗ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ’ਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਭਰਾ ਤੇ ਜ਼ੋਨ ਪ੍ਰਧਾਨ ਪਹੂਵਿੰਡ ਨੇ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਾਰਪੋਰੇਟ ਦੇ ਹਿੱਤਾਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੀ ਬਹੁਫਸਲੀ ਉਪਜਾਊ ਜ਼ਮੀਨ ਨੂੰ ਲੈਂਡ ਪੁਲਿੰਗ ਨੀਤੀ ਰਾਹੀਂ ਦੱਬ ਕੇ ਅਰਬਨ ਸਟੇਟ ਬਣਾਉਣ ਦੇ ਨਾਮ ’ਤੇ ਲੁੱਟਣ ਲਈ ਉਤਾਵਲੀ ਹੈ। ਇਸ ਨੀਤੀ ਨਾਲ ਪੰਜਾਬ ਸਰਕਾਰ ਪੰਜਾਬ ਦੀ 65555 ਏਕੜ ਵਾਹੀ ਯੋਗ ਜ਼ਮੀਨ ਨੂੰ ਸ਼ਹਿਰੀਕਰਨ ਦੇ ਨਾਂ ਹੇਠਾਂ ਉਜਾੜਨ ਲਈ ਪੂਰੀ ਤਰ੍ਹਾ ਤੱਤਪਰ ਹੈ। ਇਸ ਜਬਰੀ ਕਬਜ਼ਾ ਕਰੋ ਨੀਤੀ ਨਾਲ ਪੰਜਾਬ ਦੇ ਲਗਪਗ 80 ਤੋਂ 90 ਪਿੰਡਾਂ ਦੀ ਜ਼ਮੀਨ ਦੇ ਬਰਾਬਰ ਫ਼ਸਲੀ ਰਕਬਾ ਵਿਕਾਸ ਦੇ ਨਾਮ ’ਤੇ ਕਾਰਪੋਰੇਟ ਨੂੰ ਸੌਂਪ ਕੇ ਪੰਜਾਬ ਦਾ ਉਜਾੜਾ ਕਰਨ ਦੀ ਤਿਆਰੀ ਹੈ, ਜਿਸ ਨੂੰ ਪੰਜਾਬ ਦੇ ਲੋਕ ਤੇ ਕਿਸਾਨ ਜਥੇਬੰਦੀਆਂ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕਰਨਗੇ। ਲੈਂਡ ਪੁਲਿੰਗ ਨੀਤੀ ਦੇ ਵਿਰੋਧ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੇ ਪੰਜਾਬ ’ਚ 11 ਅਗਸਤ ਦਿਨ ਸੋਮਵਾਰ ਨੂੰ ਵਿਸ਼ਾਲ ਮੋਟਰ ਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਤਹਿਤ ਭਿੱਖੀਵਿੰਡ ਜ਼ੋਨ ਵੱਲੋਂ ਵੀ ਲੈਂਡ ਪੁਲਿੰਗ ਨੀਤੀ ਵਿਰੁੱਧ ਵਿਰੋਧ ਜਤਾਉਣ ਲਈ ਮੋਟਰ ਸਾਈਕਲ ਮਾਰਚ ਕੱਢਿਆ ਜਾਵੇਗਾ, ਜਿਸ ’ਚ ਸੈਂਕੜਿਆਂ ਦੀ ਗਿਣਤੀ ’ਚ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਕਿਸਾਨ ਮਜ਼ਦੂਰ ਨੌਜਵਾਨ ਸ਼ਮੂਲੀਅਤ ਕਰਨਗੇ। ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਬਚਿੱਤਰ ਸਿੰਘ ਨਵਾਂਪਿੰਡ ਨੇ ਕਿਹਾ ਕਿ ਪਾਵਰਕਾਮ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਨੀਤੀ ’ਚ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਦੇ ਗਏ ਬਿਜਲੀ ਸੌਂਧ ਬਿੱਲ 2020 ਨੂੰ ਤੁਰੰਤ ਰੱਦ ਕਰੇ ਤੇ ਪੰਜਾਬ ’ਚ ਲਾਏ ਜਾ ਰਹੇ (ਸਮਾਰਟ) ਚਿੱਪ ਵਾਲੇ ਮੀਟਰ ਲਾਉਣਾ ਬੰਦ ਕਰੇ ਤੋ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇਵੇ। ਇਸ ਮੌਕੇ ਸੁੱਚਾ ਸਿੰਘ ਵੀਰਮ, ਪੂਰਨ ਸਿੰਘ ਮਦਰ, ਮਾਨ ਸਿੰਘ ਮਾੜੀਮੇਘਾ, ਸੁਖਪਾਲ ਸਿੰਘ ਦੋਦੇ, ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਹੀਰਾ ਸਿੰਘ ਪਹਿਲਵਾਨ ਮੱਦਰ, ਜੁਗਰਾਜ ਸਿੰਘ ਸਭਰਾ, ਸੁਬੇਗ ਸਿੰਘ ਮੱਖੀ ਕਲ੍ਹਾ, ਨਿਰਵੈਲ ਸਿੰਘ ਚੇਲਾ, ਬਲਵਿੰਦਰ ਸਿੰਘ ਦੋਦੇ, ਅਜਮੇਰ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਅਮੀਸ਼ਾਹ ਆਦਿ ਕਿਸਾਨ ਆਗੂ ਹਾਜ਼ਰ ਸਨ।



