ਫ਼ਿਰੋਜ਼ਪੁਰ ਰੇਲਵੇ ਨੇ ਟਿਕਟ ਚੈਕਿੰਗ ਤੋਂ 2.69 ਕਰੋੜ ਰੁਪਏ ਦਾ ਰਿਕਾਰਡ ਮਾਲੀਆ ਕੀਤਾ ਇਕੱਠਾ
ਸਫ਼ਾਈ ਮੁਹਿੰਮ ਤਹਿਤ ਵੀ ਜੁਰਮਾਨੇ ਲਾਗੂ

ਬਾਲ ਕਿਸ਼ਨ
ਫਿਰੋਜ਼ਪੁਰ, 4 ਅਗਸਤ : ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਜੁਲਾਈ 2025 ਦੌਰਾਨ ਟਿਕਟ ਚੈਕਿੰਗ ਮੁਹਿੰਮਾਂ ਤੋਂ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 2.69 ਕਰੋੜ ਦਾ ਰਿਕਾਰਡ ਮਾਲੀਆ ਇਕੱਠਾ ਕੀਤਾ ਹੈ। ਇਹ ਕਾਰਵਾਈ ਉਨ੍ਹਾਂ ਯਾਤਰੀਆਂ ਵਿਰੁੱਧ ਕੀਤੀ ਗਈ, ਜੋ ਬਿਨ੍ਹਾ ਟਿਕਟ ਜਾਂ ਅਨਿਯਮਿਤ ਟਿਕਟਾਂ ਨਾਲ ਯਾਤਰਾ ਕਰ ਰਹੇ ਸਨ। ਇਸ ਨਾਲ ਨਾ ਸਿਰਫ਼ ਮੰਡਲ ਦੀ ਆਮਦਨ ਵਿਚ ਵਾਧਾ ਹੋਇਆ ਹੈ, ਸਗੋਂ ਸਾਰੇ ਯਾਤਰੀਆਂ ਨੂੰ ਇਕ ਆਰਾਮਦਾਇਕ ਅਤੇ ਬਿਹਤਰ ਯਾਤਰਾ ਅਨੁਭਵ ਵੀ ਯਕੀਨੀ ਬਣਾਇਆ ਗਿਆ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਜੁਲਾਈ ਮਹੀਨੇ ਵਿਚ ਕਈ ਰੇਲ ਗੱਡੀਆਂ ਵਿਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਕੁੱਲ 43,092 ਯਾਤਰੀ ਬਿਨ੍ਹਾ ਟਿਕਟ ਜਾਂ ਅਨਿਯਮਿਤ ਟਿਕਟਾਂ ਦੇ ਫੜੇ ਗਏ। ਇਨ੍ਹਾਂ ਤੋਂ ਜੁਰਮਾਨੇ ਵਜੋਂ 2.69 ਕਰੋੜ ਦਾ ਮਾਲੀਆ ਵਸੂਲਿਆ ਗਿਆ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਹੀ ਟਿਕਟ ਲੈ ਕੇ ਹੀ ਸਫ਼ਰ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਮੰਡਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿਚ ਸੁਧਾਰ ਲਿਆਉਣਾ ਅਤੇ ਬਿਨ੍ਹਾ ਟਿਕਟ ਯਾਤਰਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਉਨ੍ਹਾਂ ਦਾ ਟੀਚਾ ‘ਜ਼ੀਰੋ ਬਿਨਾਂ ਟਿਕਟ ਯਾਤਰਾ’ ਪ੍ਰਾਪਤ ਕਰਨਾ ਹੈ।



