ਨਸ਼ਾ ਦੇ ਕੇ ਅਕਾਸ਼ਦੀਪ ਨੂੰ ਮਾਰਨ ਦੇ ਜ਼ਿੰਮੇਵਾਰ 24 ਘੰਟਿਆਂ ‘ਚ ਗ੍ਰਿਫ਼ਤਾਰ
ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕੀਤੀ ਕਾਰਵਾਈ

ਬਠਿੰਡਾ, 3 ਅਗਸਤ : ਤਿੰਨ ਦਿਨ ਪਹਿਲਾਂ ਪਿੰਡ ਹਰਰਾਏਪੁਰ ‘ਚ ਵਾਲੀਬਾਲ ਤੇ ਕਬੱਡੀ ਦਾ ਖਿਡਾਰੀ ਰਹਿ ਚੁੱਕੇ 21 ਸਾਲਾ ਆਕਾਸ਼ਦੀਪ ਸਿੰਘ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਮ੍ਰਿਤਕ ਨੌਜਵਾਨ ਦੇ ਪਿਤਾ ਜਗਰੂਪ ਸਿੰਘ ਦੇ ਬਿਆਨ ਦੇ ਆਧਾਰ ‘ਤੇ ਥਾਣਾ ਨੇਹੀਆਂਵਾਲਾ ਪੁਲਿਸ ਨੇ ਨਸ਼ਾ ਦੇਣ ਅਤੇ ਵੇਚਣ ਵਾਲੀ ਇਕ ਔਰਤ ਸਮੇਤ ਦੋ ਲੋਕਾਂ ਨੂੰ ਨਾਮਜ਼ਦ ਕਰ ਕੇ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਿੰਡ ਹਰਰਾਏਪੁਰ ਦੇ ਵੀਰਪਾਲ ਸਿੰਘ ਅਤੇ ਬਲਵੰਤ ਸਿੰਘ ਦੇ ਤੌਰ ‘ਤੇ ਹੋਈ ਹੈ। ਦੋਹਾਂ ‘ਤੇ ਇਲਜ਼ਾਮ ਹੈ ਕਿ ਉਹ ਪਿੰਡ ਵਿਚ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਅਤੇ ਮ੍ਰਿਤਕ ਅਕਾਸ਼ਦੀਪ ਸਿੰਘ ਨੂੰ ਵੀ ਉਨ੍ਹਾਂ ਦੋਹਾਂ ਨੇ ਹੀ ਨਸ਼ਾ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਗ੍ਰਿਫਤਾਰੀ ਸਮੇਂ ਉਨ੍ਹਾਂ ਤੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ, ਪਰ ਪੁਲਿਸ ਨੇ ਦੋਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਚ ਲੈ ਕੇ ਪੁੱਛਤਾਛ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਅੱਗੇ ਕਿਸ ਤੋਂ ਨਸ਼ਾ ਖਰੀਦਿਆ ਅਤੇ ਕਿਸ-ਕਿਸ ਨੂੰ ਵੇਚਿਆ।



