
ਜਲੰਧਰ, 3 ਅਗਸਤ : ਅਸ਼ੋਕ ਵਿਹਾਰ ਇਲਾਕੇ ਤੋਂ ਚਿਕਨ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਦੇ ਸੱਤ ਸਾਲਾ ਪੁੱਤ ਨੂੰ ਅਗਵਾ ਕਰ ਲਿਆ ਗਿਆ। ਇਹ ਘਟਨਾ 31 ਜੁਲਾਈ ਦੀ ਰਾਤ ਦੀ ਹੈ। ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਅਣਪਛਾਤੇ ਸਾਈਕਲ ਸਵਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿਤਾ ਸਤੀਸ਼ ਸਾਹਨੀ ਨੇ ਦੱਸਿਆ ਕਿ ਉਹ ਸਲੇਮਪੁਰ ਰੋਡ ਮੋੜ ’ਤੇ ਖਾਣ-ਪੀਣ ਦੀ ਰੇਹੜੀ ਲਗਾਉਂਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਸਦਾ ਪੁੱਤਰ ਉਸ ਨਾਲ ਰੇਹੜੀ ’ਤੇ ਮੌਜੂਦ ਸੀ। ਰਾਤ ਦੇ ਸਮੇਂ ਇਕ ਸਾਈਕਲ ਸਵਾਰ ਨੌਜਵਾਨ ਆਇਆ ਤੇ ਚਿਕਨ ਖਰੀਦ ਕੇ ਉਥੇ ਖੜ੍ਹਾ ਹੋ ਕੇ ਖਾਣ ਲੱਗਾ। ਕੁਝ ਸਮੇਂ ਬਾਅਦ ਉਹ ਨੌਜਵਾਨ ਉਸਦੇ ਪੁੱਤਰ ਨਾਲ ਗੱਲਬਾਤ ਕਰਨ ਲੱਗਾ ਅਤੇ ਵਿਸ਼ਵਾਸ ’ਚ ਲੈ ਕੇ ਸਾਈਕਲ ‘ਤੇ ਬੈਠਾ ਕੇ ਕਿਤੇ ਲੈ ਗਿਆ। ਪਤਾ ਲੱਗਣ ’ਤੇ ਉਸਨੇ ਆਸਪਾਸ ਲੱਭਣਾ ਸ਼ੁਰੂ ਕੀਤਾ ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦ ਹੀ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



