
ਲੁਧਿਆਣਾ, 3 ਅਗਸਤ : ਲੁਧਿਆਣਾ ਬੀਤੇ ਕੱਲ ਆਪਣੇ ਵਾਰਡਾਂ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਮੀਟਿੰਗ ਕਰਨ ਲਈ ਜੋਨ ਡੀ ਪੁੱਜੇ ਭਾਜਪਾ ਕੌਂਸਲਰਾਂ ਦਾ ਕਿਸੇ ਗੱਲ ਨੂੰ ਲੈ ਕੇ ਮੇਅਰ ਨਾਲ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਸ਼ੁਕਰਵਾਰ ਸਵੇਰ ਤੋਂ ਹੀ ਮੇਅਰ ਦੇ ਖਿਲਾਫ ਜੋਨ ਡੀ ਵਿਖੇ ਲੜੀਵਾਰ ਧਰਨਾ ਜਾਰੀ ਰੱਖਿਆ ਹੋਇਆ ਹੈ। ਅੱਜ ਪੰਜਾਬ ਭਾਜਪਾ ਦੇ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ, ਕੌਂਸਲਰਾਂ ਅਤੇ ਵਰਕਰਾਂ ਵੱਲੋਂ ਨਗਰ ਨਿਗਮ ਜ਼ੋਨ ਡੀ ਵਿੱਚ ਮੇਅਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਿਰੋਧ ਪ੍ਰਦਰਸ਼ਨ ਦੇ ਦੂਜੇ ਦਿਨ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ ਅਤੇ ਮੇਅਰ ਦੇ ਦੁਰਵਿਵਹਾਰ ਦੀ ਨਿੰਦਾ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਭਾਜਪਾ ਨੂੰ ਦਿੱਤੇ ਗਏ ਸਮਰਥਨ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਨਰਲ ਹਾਊਸ ਬਣਨ ਤੋਂ ਬਾਅਦ ਵੀ ਨਗਰ ਨਿਗਮ ਵਿੱਚ ਆਪ ਸਰਕਾਰ ਦੇ ਵਿਧਾਇਕਾਂ ਦਾ ਤਾਨਾਸ਼ਾਹੀ ਰਾਜ ਹੈ। ਮੇਅਰ ਵਿਧਾਇਕਾਂ ਦੇ ਨਿਰਦੇਸ਼ਾਂ ਤੇ ਹੀ ਆਪ ਕੌਂਸਲਰਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ। ਉਹਨਾਂ ਕਿਹਾ ਕਿ ਮੇਅਰ ਨਗਰ ਨਿਗਮ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕੰਮਾਂ ਵੱਲ ਧਿਆਨ ਨਹੀਂ ਦਿੰਦੇ। ਉਹਨਾਂ ਕਿਹਾ ਕਿ ਭਾਜਪਾ ਆਪਣੇ ਕੌਂਸਲਰਾਂ ਨਾਲ ਵਿਤਕਰਾ ਅਤੇ ਦੁਰਵਿਹਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸ਼ਹਿਰ ਦੇ 95 ਵਾਰਡਾਂ ਤੋਂ ਚੁਣੇ ਹੋਏ ਕੌਂਸਲਰ ਲੋਕਾਂ ਦੇ ਪ੍ਰਤੀਨਿਧੀ ਹਨ। ਆਪਣੇ ਵਾਰਡ ਦੇ ਵਿਕਾਸ ਲਈ ਆਵਾਜ਼ ਉਠਾਉਣਾ ਇੱਕ ਕੌਂਸਲਰ ਦਾ ਹੱਕ ਹੁੰਦਾ ਹੈ ਅਤੇ ਮੇਅਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਉਸ ਹੱਕ ਨੂੰ ਨਹੀਂ ਖੋਹ ਸਕਦੀ। ਉਨ੍ਹਾਂ ਕਿਹਾ ਕਿ ਮੇਅਰ ਦਾ ਉਹ ਦੋਸ਼ ਜਿਸ ਵਿੱਚ ਉਹ ਭਾਜਪਾ ਕੌਂਸਲਰਾਂ ਤੇ ਇੱਕ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਰਹੀ ਹੈ, ਬੇਬੁਨਿਆਦ ਹੈ। ਸ਼ਰਮਾ ਅਤੇ ਧੀਮਾਨ ਨੇ ਕਿਹਾ ਕਿ ਭਾਜਪਾ ਕੌਂਸਲਰਾਂ ਨੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮੇਅਰ ਨਾਲ ਗੱਲ ਕੀਤੀ। ਪਰ ਜਦੋਂ ਮੇਅਰ ਦੀ ਸੁਰੱਖਿਆ ਨੇ ਕੌਂਸਲਰਾਂ ਨਾਲ ਦੁਰਵਿਵਹਾਰ ਕੀਤਾ ਤਾਂ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਮੇਅਰ ਭਾਜਪਾ ਕੌਂਸਲਰਾਂ ਤੋਂ ਮਾਫੀ ਨਹੀਂ ਮੰਗਦੇ ਉਨੀ ਦੇਰ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਾਕੇਸ਼ ਰਾਠੌਰ, ਪਰਮਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਜਤਿੰਦਰ ਮਿੱਤਲ, ਸਕੱਤਰ ਰੇਣੂ ਥਾਪਰ, ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ, ਕੋਰ ਗਰੁੱਪ ਮੈਂਬਰ ਜੀਵਨ ਗੁਪਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ, ਭਾਜਪਾ ਦੇ ਸੂਬਾਈ ਬੁਲਾਰੇ ਡਾ: ਕਮਲਜੀਤ ਸੋਈ, ਜਿਲਾ ਮੀਤ ਪ੍ਰਧਾਨ ਅਤੇ ਕੋਂਸਲਰ ਸੁਮਨ ਵਰਮਾ, ਮਹੇਸ਼ ਸ਼ਰਮਾ, ਮਨੀਸ਼ ਚੋਪੜਾ,ਹਰਸ਼ ਸ਼ਰਮਾ, ਅਸ਼ਵਨੀ ਟੰਡਨ ਨਵਲ ਜੈਨ, ਲੱਕੀ ਸ਼ਰਮਾ,ਕੌਂਸਲਰ ਪਾਰਟੀ ਆਗੂ ਪੂਨਮ ਰਤਡਾ, ਉਪ ਆਗੂ ਰੋਹਿਤ ਸਿੱਕਾ, ਕੌਂਸਲਰ ਸੁਨੀਲ ਮੋਦਗਿਲ, ਅਨਿਲ ਭਾਰਦਵਾਜ, ਰਾਜੇਸ਼ ਮਿਸ਼ਰਾ ਸਮੇਤ ਵੱਡੀ ਗਿਣਤੀ ’ਚ ਭਾਜਪਾ ਤੇ ਨੇਤਾ ਤੇ ਵਰਕਰ ਹਾਜ਼ਰ ਸਨ।



