Punjab

ਵਕੀਲ ਦੇ ਕਾਤਲਾਂ ਤੋਂ ਪੰਜ ਵਿਦੇਸ਼ੀ ਪਿਸਤੌਲ ਤੇ 34 ਕਾਰਤੂਸ ਬਰਾਮਦ

ਅੰਮ੍ਰਿਤਸਰ, 3 ਅਗਸਤ : ਵਕੀਲ ਲਖਵਿੰਦਰ ਸਿੰਘ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਪੰਜ ਪਿਸਤੌਲ ਅਤੇ 34 ਕਾਰਤੂਸ ਬਰਾਮਦ ਕੀਤੇ ਹਨ। ਇਸ ਵਾਰਦਾਤ ਦੇ ਮਾਸਟਰਮਾਈਂਡ ਅਭੀ ਨਾਮਕ ਮੁਲਜ਼ਮ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਭੀ ਨੇ ਹਥਿਆਰਾਂ ਦੀ ਵੱਡੀ ਖੇਪ ਕਿਸੇ ਜਗ੍ਹਾ ‘ਤੇ ਲੁਕਾਈ ਹੋਈ ਹੈ। ਐੱਸਪੀ (ਡੀ) ਆਦਿੱਤਿਆ ਵਾਰੀਅਰ, ਡੀਐੱਸਪੀ ਮਨਿੰਦਰ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਗੋਇੰਦਵਾਲ ਇਲਾਕੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਅਤੇ ਤਰਨਤਾਰਨ ਰੋਡ ’ਤੇ ਭਾਈ ਮੰਝ ਸਿੰਘ ਰੋਡ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਕਾਲਾ ਪਾਪਾ ਨੂੰ ਉੱਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਤਿੰਨਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 21 ਜੁਲਾਈ ਦੀ ਸਵੇਰ ਨੂੰ ਜੰਡਿਆਲਾ ਗੁਰੂ ਵਿਚ ਲਖਵਿੰਦਰ ਸਿੰਘ ’ਤੇ ਗੋਲ਼ੀਆਂ ਚਲਾਈਆਂ। ਲਖਵਿੰਦਰ ਨੂੰ ਚਾਰ ਗੋਲ਼ੀਆਂ ਲੱਗੀਆਂ। ਉਦੋਂ ਤੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਸ਼ਨਿਚਰਵਾਰ ਸਵੇਰੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਐੱਸਪੀ ਨੇ ਕਿਹਾ ਕਿ ਵਕੀਲ ਲਖਵਿੰਦਰ ਦੀ ਅਭੀ ਨਾਲ ਰੰਜਿਸ਼ ਸੀ, ਜੋ ਕਿ ਫਰਾਰ ਹੈ। ਅਭੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ। ਐੱਸਪੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਅਭੀ ਦੇ ਪਾਕਿਸਤਾਨੀ ਤਸਕਰਾਂ ਨਾਲ ਵੀ ਸਬੰਧ ਹਨ ਕਿਉਂਕਿ ਫੜੇ ਗਏ ਪੰਜ ਪਿਸਤੌਲ ਵਿਦੇਸ਼ੀ ਹਨ ਅਤੇ ਕੁਝ ਦਿਨ ਪਹਿਲਾਂ ਡਰੋਨ ਰਾਹੀਂ ਭਾਰਤੀ ਸਰਹੱਦ ਵਿਚ ਸੁੱਟੇ ਗਏ ਸਨ।

Related Articles

Leave a Reply

Your email address will not be published. Required fields are marked *

Back to top button