ਦੋ ਕਰੋੜ ਦਾ ਝੋਨਾ ਗਾਇਬ ਕਰਨ ਦੇ ਮਾਮਲੇ ‘ਚ ਸ਼ੈਲਰ ਮਾਲਕ ਖਿ਼ਲਾਫ਼ ਮਾਮਲਾ ਦਰਜ
ਪਨਸਪ ਦੇ ਜ਼ਿਲ੍ਹਾ ਮੈਨੇਜਰ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

ਬਾਲ ਕਿਸ਼ਨ
ਫਿਰੋਜ਼ਪੁਰ, 2 ਅਗਸਤ : ਸਰਕਾਰੀ ਖਰੀਦ ਏਜੰਸੀ ਪਨਸਪ ਦੇ ਕਰੋੜਾਂ ਰੁਪਏ ਦੇ ਝੋਨੇ ਨੂੰ ਖੁਰਦ-ਬੁਰਦ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਘੱਲ ਖੁਰਦ ਦੀ ਪੁਲਿਸ ਨੇ ਇਸ ਮਾਮਲੇ ਵਿਚ ਇਕ ਸ਼ੈਲਰ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਸ਼ੈਲਰ ਮਾਲਕ ਨੇ ਕਰੀਬ 18 ਹਜ਼ਾਰ ਝੋਨੇ ਦੀਆਂ ਬੋਰੀਆਂ ਗਾਇਬ ਕਰ ਦਿੱਤੀਆਂ, ਜਿਨ੍ਹਾਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀ ਦੀ ਪਛਾਣ ਚਾਨਣ ਸਿੰਘ ਵਾਸੀ ਪਿੰਡ ਸ਼ਹਿਜ਼ਾਦੀ, ਥਾਣਾ ਘੱਲ ਖੁਰਦ ਵਜੋਂ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ, ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪਨਸਪ ਦੇ ਜ਼ਿਲ੍ਹਾ ਮੈਨੇਜਰ ਰਮਨ ਗੋਇਲ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦਿਆਂ ਡੀਐੱਸਪੀ ਫਿਰੋਜ਼ਪੁਰ ਸ਼ਹਿਰੀ ਵੱਲੋਂ ਇਸਦੀ ਵਿਸ਼ੇਸ਼ ਜਾਂਚ ਕਰਵਾਈ ਗਈ। ਜਾਂਚ ਰਿਪੋਰਟ ਦੇ ਆਧਾਰ ’ਤੇ ਐੱਸਐੱਸਪੀ ਫਿਰੋਜ਼ਪੁਰ ਵੱਲੋਂ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਜ਼ਿਲ੍ਹਾ ਪ੍ਰਬੰਧਕ ਰਮਨ ਗੋਇਲ ਨੇ ਦੱਸਿਆ ਕਿ ਪਨਸਪ ਵੱਲੋਂ ਸਾਲ 2024-25 ਦੌਰਾਨ ਚਾਨਣ ਸਿੰਘ ਦੀ ਮਾਲਕੀ ਵਾਲੇ ਸ਼ੈਲਰ ਮੈਸਰਜ਼ ਭੁੱਲਰ ਇੰਟਰਪ੍ਰਾਈਜ਼ਜ, ਮਾਣਾ ਸਿੰਘ ਵਾਲਾ ਵਿਖੇ ਝੋਨੇ ਦਾ ਵੱਡਾ ਸਟਾਕ ਰੱਖਿਆ ਗਿਆ ਸੀ। ਜਦੋਂ ਵਿਭਾਗ ਨੇ ਆਪਣੇ ਸਟਾਕ ਦੀ ਜਾਂਚ ਕੀਤੀ ਤਾਂ ਉੱਥੋਂ 18 ਹਜ਼ਾਰ ਝੋਨੇ ਦੀਆਂ ਬੋਰੀਆਂ ਗਾਇਬ ਪਾਈਆਂ ਗਈਆਂ। ਗਾਇਬ ਹੋਏ ਇਸ ਝੋਨੇ ਦੀ ਬਾਜ਼ਾਰੀ ਕੀਮਤ ਲਗਭਗ 2 ਕਰੋੜ ਰੁਪਏ ਬਣਦੀ ਹੈ। ਇਸ ਵੱਡੀ ਧੋਖਾਧੜੀ ਦਾ ਖੁਲਾਸਾ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



