
ਲੁਧਿਆਣਾ, 2 ਅਗਸਤ : ਸਥਾਨਕ ਮਾਡਲ ਟਾਊਨ ਇਲਾਕੇ ਦੀ ਨੌਜਵਾਨ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਿਕ ਸੰਬੰਧ ਬਣਾਉਣ ਅਤੇ ਪੀੜਤਾ ਕੋਲੋਂ ਲੱਖਾਂ ਰੁਪਏ ਹੜੱਪਣ ਦੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਜੀਰਕਪੁਰ ਦੇ ਰਹਿਣ ਵਾਲੇ ਕੋਮਲ ਵੀਰ ਸਿੰਘ ਹੁੰਦਲ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਲਈ ਮਾਮਲਾ ਐਸਐਸਪੀ ਮੋਹਾਲੀ ਦੇ ਦਫਤਰ ਵਿੱਚ ਭੇਜ ਦਿੱਤਾ ਹੈ। ਸ਼ਿਕਾਇਤ ਕਰਤਾ ਮੁਤਾਬਕ ਕੋਮਲ ਬੀਰ ਸਿੰਘ ਹੁੰਦਲ ਵਾਸੀ ਰੋਇਲ ਸਿਟੀ ਜੀਰਕਪੁਰ ਨਾਲ ਉਸ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਦੋਸਤੀ ਮਗਰੋਂ ਉਹ ਇੱਕ ਦੂਜੇ ਨਾਲ ਮੁਲਾਕਾਤ ਕਰਨ ਲੱਗ ਗਏ। ਪੀੜਤਾਂ ਮੁਤਾਬਕ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਿਕ ਸੰਬੰਧ ਬਣਾਏ ਅਤੇ ਪਿਆਰ ਕਰਨ ਦਾ ਵਿਖਾਵਾ ਦੇ ਕੇ ਸਮੇਂ ਸਮੇਂ ਤੇ ਉਸ ਕੋਲੋਂ 4 ਲੱਖ ਰੁਪਏ ਆਨਲਾਈਨ ਅਤੇ ਇਸ ਤੋਂ ਇਲਾਵਾ ਕਾਫੀ ਪੈਸਾ ਨਗਦ ਲੈ ਲਿਆ। ਇਹੋ ਨਹੀਂ ਮੁਲਜ਼ਮ ਨੇ ਉਸ ਕੋਲੋਂ ਸਕਿਊਰਟੀ ਲਈ ਰੱਖਣ ਦਾ ਬਹਾਨਾ ਮਾਰ ਕੇ ਸੋਨੇ ਦੇ ਗਹਿਣੇ ਵੀ ਹੜੱਪ ਲਏ। ਐਂਨਾ ਸਭ ਠੱਗਣ ਦੇ ਬਾਵਜੂਦ ਮੁਲਜ਼ਮ ਨੇ ਉਸ ਤੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਈ ਹੋਈ ਰਕਮ ਵਾਪਸ ਕਰਨ ਤੋਂ ਮੁਨਕਰ ਹੋ ਗਿਆ। ਪੀੜਤਾਂ ਮੁਤਾਬਕ ਮੁਲਜ਼ਮ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਆਰਥਿਕ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਿਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਦਰਜ ਕਰਵਾਉਣ ਮਗਰੋਂ ਪੁਲਿਸ ਨੇ ਮੁਲਜ਼ਮ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਮੁਹਾਲੀ ਪੁਲਿਸ ਹਵਾਲੇ ਕਰ ਦਿੱਤੀ ਹੈ।



