
ਕੈਰੋਂ, 2 ਅਗਸਤ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਦੀ ਵਾਰਡ 11 ਵਿਖੇ ਕਮਰੇ ਅੰਦਰ ਬੈੱਡ ’ਤੇ ਪਏ 14 ਦਿਨਾਂ ਦੇ ਲੜਕੇ ਉਪਰ ਲੈਂਟਰ ਦਾ ਟੁੱਕੜਾ ਟੁੱਟ ਕੇ ਡਿੱਗ ਗਿਆ। ਇਸ ਹਾਦਸੇ ਵਿਚ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਸੁਖਮਨ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਵੇਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਛੱਤ ਦਾ ਲੈਂਟਰ ਦਾ ਕੁੱਝ ਹਿੱਸਾ ਟੁੱਟ ਗਿਆ ਅਤੇ ਇਹ ਟੁੱਕੜੇ ਬੱਚੇ ਦੇ ਸਿਰ ਅਤੇ ਉਸ ਦੀ ਮਾਤਾ ਆਬੀਆ ਦੇ ਉੱਪਰ ਡਿੱਗ ਪਏ। ਇਸ ’ਤੇ 14 ਦਿਨਾਂ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। ਪਰਿਵਾਰ ਨਾਲ ਵਾਪਰੀ ਇਸ ਦਿਲ ਕੰਬਾਊ ਘਟਨਾ ਦਾ ਪਤਾ ਚਲਦਿਆਂ ਪੂਰੇ ਇਲਾਕੇ ’ਚ ਸ਼ੋਕ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।



