Punjab

ਆਜ਼ਾਦੀ ਤੋਂ ਪਹਿਲਾਂ ਦਾ ਸਕੂਲ, ਚਾਰ ਕਮਰਿਆਂ ’ਚ ਚੱਲ ਰਹੀਆਂ 2 ਕਲਾਸਾਂ

ਲੁਧਿਆਣਾ, 1 ਅਗਸਤ : ਸ਼ਹਿਰ ਦੇ ਪੁਰਾਣੇ ਬ੍ਰਹਮਪੁਰੀ ਇਲਾਕੇ ’ਚ ਸਥਿਤ ਪ੍ਰਾਇਮਰੀ ਸਕੂਲ, ਜੋ ਆਜ਼ਾਦੀ ਤੋਂ ਪਹਿਲਾਂ ਬਣਿਆ ਸੀ, ਅੱਜ ਵੀ ਚੱਲ ਰਿਹਾ ਹੈ। ਹਾਲਾਂਕਿ ਇਸ ਨੂੰ ਅਸੁਰੱਖਿਅਤ ਨਹੀਂ ਮੰਨਿਆ ਗਿਆ ਪਰ ਇੱਥੇ ਦੇ ਹਾਲਾਤ ਕਾਫੀ ਨਾਜ਼ੁਕ ਹਨ। ਸੱਚਾਈ ਇਹ ਹੈ ਕਿ 5 ਕਲਾਸਾਂ ਲਈ ਸਿਰਫ 4 ਕਮਰੇ ਹਨ, ਜਿਸ ਕਾਰਨ ਬੱਚਿਆਂ ਦੀਆਂ 2 ਕਲਾਸਾਂ ਨੂੰ ਇਕ ਹੀ ਕਮਰੇ ’ਚ ਪੜ੍ਹਾਇਆ ਜਾ ਰਿਹਾ ਹੈ। ਕਮਰਿਆਂ ਦੀਆਂ ਕੰਧਾਂ ’ਚ ਤਰੇੜਾਂ ਵੀ ਆ ਗਈਆਂ ਹਨ। ਦਰੇਸੀ ਦੇ ਬ੍ਰਹਮਪੁਰੀ ਇਲਾਕੇ ’ਚ ਸਥਿਤ ਇਹ ਪ੍ਰਾਇਮਰੀ ਸਮਾਰਟ ਸਕੂਲ 1940 ਦੇ ਆਸ-ਪਾਸ ਬਣਿਆ ਸੀ। ਤੰਗ ਗਲੀਆਂ ’ਚ ਸਥਿਤ ਇਸ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਹੈ ਤੇ ਸਿਰਫ਼ ਗਰਾਊਂਡ ਫਲੋਰ ਹੀ ਬਣਿਆ ਹੋਇਆ ਹੈ। ਇੱਥੇ ਸਥਿਤ ਹੈੱਡ ਮਾਸਟਰ ਦਾ ਕਮਰਾ ਫਲੋਰ ਤੋਂ ਵੀ 2 ਫੁੱਟ ਹੇਠਾਂ ਹੈ ਤੇ ਹੋਰ ਕਮਰਿਆਂ ਦੀ ਵੀ ਹਾਲਤ ਕੁਝ ਵੱਖਰੀ ਨਹੀਂ ਹੈ। ਇਮਾਰਤ ’ਚ ਇਕ ਵੱਡਾ ਕਮਰਾ, ਤਿੰਨ ਛੋਟੇ-ਛੋਟੇ ਕਮਰੇ ਹਨ ਤੇ ਇਕ ਹੀ ਵੱਡੇ ਕਮਰੇ ’ਚ ਬੈਂਚ ਲਾ ਕੇ ਬੱਚਿਆਂ ਨੂੰ ਬਿਠਾਇਆ ਜਾਂਦਾ ਹੈ। ਬਾਰਿਸ਼ ਦਾ ਪਾਣੀ ਕਮਰਿਆਂ ’ਚ ਨਾ ਜਾ ਸਕੇ, ਇਸ ਲਈ ਉੱਥੇ ਟੀਨ ਦੀ ਛੱਤ ਲਾਈ ਗਈ ਹੈ। ਇਸ ਤੋਂ ਇਲਾਵਾ ਰਸੋਈ ’ਤੇ ਅਜੇ ਵੀ ਟਾਈਲਾਂ ਵਾਲੀ ਛੱਤ ਬਣੀ ਹੋਈ ਹੈ। ਸਕੂਲ ’ਚ ਲੱਗਭਗ 250 ਬੱਚੇ ਹਨ ਪਰ ਕਮਰਿਆਂ ਦੀ ਘਾਟ ਕਾਰਨ ਇੱਥੇ ਬੱਚਿਆਂ ਦੀ ਗਿਣਤੀ ਨਹੀਂ ਵਧਾਈ ਜਾ ਸਕੀ। ਇੱਥੇ ਬਣੀ ਇਮਾਰਤ ’ਤੇ ਕੋਈ ਹੋਰ ਕਮਰਾ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਇਹ ਇਮਾਰਤ ਬਹੁਤ ਪੁਰਾਣੀ ਹੈ ਤੇ ਇਸਨੂੰ ਤੋੜ ਕੇ ਹੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਕੂਲ ਦੇ ਪ੍ਰਬੰਧਕ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਹਾਲਾਂਕਿ ਸਾਧਨ ਸੀਮਿਤ ਹਨ ਪਰ ਅਸੀਂ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਪੜ੍ਹਾ ਰਹੇ ਹਾਂ। ਸਕੂਲ ’ਚ ਸਮੱਸਿਆਵਾਂ ਬਾਰੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਇਹ ਸਕੂਲ ਕਿੰਨਾ ਪੁਰਾਣਾ ਹੈ। ਇਸ ਤਰ੍ਹਾਂ ਬ੍ਰਹਮਪੁਰੀ ਦੇ ਇਸ ਪ੍ਰਾਇਮਰੀ ਸਕੂਲ ਦੀ ਹਾਲਤ ਸਿਰਫ਼ ਸਿੱਖਿਆ ਦੇ ਮਾਮਲੇ ’ਚ ਹੀ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਈ ਹੈ।

Related Articles

Leave a Reply

Your email address will not be published. Required fields are marked *

Back to top button