ਫਿਰੋਜ਼ਪੁਰ ‘ਚ ਡਾਕਟਰ ਦੇ ਕਲੀਨਿਕ ‘ਤੇ ਚੱਲੀਆਂ ਗੋਲ਼ੀਆਂ, ਡਾਕਟਰ ਗੰਭੀਰ ਜ਼ਖ਼ਮੀ; ਚਾਰ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਾਲ ਕਿਸ਼ਨ
ਫਿਰੋਜ਼ਪੁਰ, 31 ਜੁਲਾਈ : ਸਥਾਨਕ ਮੱਲਵਾਲਾ ਰੋਡ ‘ਤੇ ਸਥਿਤ ਗੁਰੂ ਹਰਗੋਬਿੰਦ ਕਲੀਨਿਕ ਦੇ ਇਕ ਡਾਕਟਰ ‘ਤੇ ਬੁੱਧਵਾਰ ਦੇਰ ਰਾਤ ਕੁਝ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲ਼ਆਂ ਚਲਾ ਕੇ ਜ਼ਖ਼ਮੀ ਕੀਤੇ ਜਾਣ ਦੀ ਖ਼ਬਰ ਹੈ। ਹਮਲੇ ‘ਚ ਗੰਭੀਰ ਜ਼ਖ਼ਮੀ ਡਾਕਟਰ ਨੂੰ ਤੁਰੰਤ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਹਮਲਾਵਰਾਂ ਦੀ ਗਿਣਤੀ ਤਿੰਨ ਤੋਂ ਚਾਰ ਦੱਸੀ ਜਾ ਰਹੀ ਹੈਂ। ਪ੍ਰਾਪਤ ਜਾਣਕਾਰੀ ਅਨੁਸਾਰ, ਹਮਲਾਵਰ ਕਿਸੇ ਲੁੱਟ ਜਾਂ ਹੋਰ ਨੀਅਤ ਨਾਲ ਆਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਵਾਰਦਾਤ ਦੀ ਖ਼ਬਰ ਲਗਦਿਆਂ ਹੀ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਹਸਪਤਾਲ ਪਹੁੰਚ ਗਏ ਅਤੇ ਜ਼ਖ਼ਮੀ ਡਾਕਟਰ ਦਾ ਹਾਲ ਜਾਣਿਆ । ਇਸ ਮੌਕੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਮੱਲਵਾਲ ਰੋਡ ਸਥਿਤ ਡਾਕਟਰ ਰੁਪਿੰਦਰਜੀਤ ਸਿੰਘ ਜਦੋਂ ਆਪਣੇ ਕਲੀਨਿਕ ਤੇ ਬੈਠਾ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ, ਜੋ ਡਾਕਟਰ ਦੇ ਮੋਢੇ ‘ਤੇ ਲੱਗੀ ਹੈ ।ਇਸ ਮੌਕੇ ਡਾਕਟਰ ਦੇ ਹੈਲਪਰ ਸਾਹਿਲ ਨੇ ਦੱਸਿਆ ਕਿ ਹਮਲੇ ਦੌਰਾਨ ਜਦੋਂ ਉਸ ਨੇ ਹਮਲਾਵਰਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ।



