
ਹਰਿਆਣਾ, 30 ਜੁਲਾਈ : ਬੀਤੀ ਰਾਤ ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਹਰਿਆਣਾ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗਣੇਸ਼ ਕੁਮਾਰ ਪੁੱਤਰ ਸੋਮ ਕੁਮਾਰ ਵਾਸੀ ਮੁਹੱਲਾ ਰਾਮਗੜ੍ਹੀਆ ਹਰਿਆਣਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਸਹੁਰਾ ਪਰਿਵਾਰ ਨਾਲ ਮਾਤਾ ਚਿੰਤਪੂਰਨੀ ਦੇ ਚੱਲ ਰਹੇ ਮੇਲੇ ਨੂੰ ਦੇਖ ਕੇ ਆਪਣੀ ਟਾਟਾ ਏਸ ਗੱਡੀ ’ਤੇ ਆਦਮਵਾਲ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਪਿੰਡ ਕੰਗਮਾਈ ਛੱਡਣ ਲਈ ਡੱਲੇਵਾਲ ਕੋਲ ਪੁੱਜਾ ਤਾਂ ਉਸਦੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ। ਉਹ ਗੱਡੀ ਨੂੰ ਸਾਈਡ ’ਤੇ ਲਗਾ ਕੇ ਟਾਇਰ ਬਦਲਣ ਲੱਗ ਪਿਆ। ਇੰਨੇ ਨੂੰ ਹੁਸ਼ਿਆਰਪੁਰ ਤੋਂ ਆ ਰਹੇ ਇਕ ਕੈਂਟਰ ਨੇ ਉਸਦੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਸਦੀ ਗੱਡੀ ਦੂਜੀ ਸਾਈਡ ਜਾ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਤੇ ਗੱਡੀ ’ਚ ਬੈਠੀ ਉਸਦੀ ਪਤਨੀ ਮੋਨਿਕਾ ਤੇ ਉਸਦਾ ਸਾਲਾ ਅਮਰਜੀਤ ਸਿੰਘ ਮੁਕਲ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਇਲਾਜ ਦੌਰਾਨ ਮੋਨਿਕਾ ਤੇ ਉਸਦੇ ਭਰਾ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਦੋ ਜਣੇ ਸਿਵਲ ਹਸਪਤਾਲ ’ਚ ਇਲਾਜ ਅਧੀਨ ਹਨ। ਪੁਲਿਸ ਨੇ ਗਣੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



