
ਦਿੜ੍ਹਬਾ, 30 ਜੁਲਾਈ : ਸ਼ਹਿਰ ਦੇ ਮੁੱਖ ਬਾਜ਼ਾਰ ਲਿੰਕ ਰੋਡ ਉੱਤੇ ਇੱਕ ਵਾਰ ਫਿਰ ਅੱਗ ਲੱਗਣ ਨਾਲ ਹਾਹਾਕਾਰ ਮੱਚ ਗਈ। ਇਸ ਮਹੀਨੇ ਦੀ ਗਾਰਮੈਂਟਸ ਦੀ ਦੁਕਾਨ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਸ਼ਹਿਰ ਵਾਸੀਆਂ ਨੇ ਅਤੇ ਖਾਸ ਕਰਕੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਅੱਗ ਦੇ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਸੰਗਰੂਰ ਤੋਂ ਫਾਇਰ ਬ੍ਰਿਗੇਡ ਦੇ ਪਹੁੰਚਣ ਤਕ ਲੋਕਾਂ ਨੇ ਲਗਭਗ ਅੱਗ ਉੱਤੇ ਕਾਬੂ ਪਾ ਲਿਆ ਸੀ ਅਤੇ ਅੱਗ ਨੂੰ ਹੋਰ ਅੱਗੇ ਵੱਧਣ ਤੋਂ ਰੋਕ ਦਿੱਤਾ ਗਿਆ। ਇਹ ਅੱਗ ਬਾਂਸਲ ਜਨਰਲ ਸਟੋਰ ਦੇ ਗੁਦਾਮ ਨੂੰ ਲੱਗੀ ਹੈ। ਬਾਂਸਲ ਜਨਰਲ ਸਟੋਰ ਦੇ ਮਾਲਕ ਰਾਧੇ ਸ਼ਾਮ ਬਾਂਸਲ ਨੇ ਦੱਸਿਆ ਕਿ ਉਸ ਦੀ ਬਾਂਸਲ ਜਰਨਲ ਸਟੋਰ ਅਤੇ ਗਾਰਮੈਂਟਸ ਦੀ ਲਿੰਕ ਰੋਡ ਉੱਤੇ ਦੁਕਾਨ ਹੈ। ਦੁਕਾਨ ਤੋਂ ਕੁੱਝ ਦੂਰੀ ’ਤੇ ਉਸ ਦਾ ਗਾਰਮੈਂਟਸ ਦਾ ਸਾਮਾਨ ਸਟੋਰ ਕਰਨ ਲਈ ਇੱਕ ਗੁਦਾਮ ਹੈ। ਉਸ ਨੂੰ ਸਵੇਰੇ 10 ਕੁ ਵਜੇ ਦੇ ਕਰੀਬ ਪਤਾ ਲੱਗਾ ਕਿ ਉਸ ਦੇ ਦੁਕਾਨ ਉੱਤੇ ਕੰਮ ਕਰਨ ਵਾਲੇ ਦੋ ਨੌਜਵਾਨ ਜਦੋਂ ਸਟੋਰ ਦਾ ਸ਼ਟਰ ਖੋਲ੍ਹਣ ਲਈ ਪਹੁੰਚੇ ਤਾਂ ਦੇਖਿਆ ਕਿ ਸਟੋਰ ਦੇ ਅੰਦਰ ਕੱਪੜਿਆਂ ਨੂੰ ਅੱਗ ਲੱਗੀ ਹੋਈ ਹੈ। ਸਟਰ ਖੋਲਣ ਤੋਂ ਬਾਅਦ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਬਾਹਰ ਵੱਲ ਆਈਆਂ, ਜਿਸ ਨਾਲ ਕੰਮ ਕਰਨ ਵਾਲੇ ਦੋ ਨੌਜਵਾਨ ਯੋਗੇਸ਼ ਕੁਮਾਰ ਅਤੇ ਕੁਲਦੀਪ ਅੱਗ ਦੀਆਂ ਲਪਟਾਂ ਕਾਰਨ ਜ਼ਖ਼ਮੀ ਹੋ ਗਏ। ਫਿਲਹਾਲ ਉਨ੍ਹਾਂ ਦੀ ਸਿਹਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜੋ ਕਿ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਦੁਕਾਨ ਦੇ ਮਾਲਕ ਰਾਧੇ ਸ਼ਾਮ ਬਾਂਸਲ ਉਰਫ ਕਾਲਾ ਨੇ ਭਰੇ ਮਨ ਨਾਲ ਕਿਹਾ ਕਿ ਇਸ ਸਟੋਰ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਕੀਮਤ ਦੇ ਗਾਰਮੈਂਟਸ ਸੜ ਕੇ ਸੁਆਹ ਹੋ ਗਏ ਹਨ। ਉਸ ਦੀ ਕਈ ਸਾਲਾਂ ਦਾ ਪੂੰਜੀ ਅੱਗ ਦੀ ਭੇਟ ਚੜ੍ਹ ਗਈ ਹੈ। ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਐੱਮਸੀ ਨੇ ਬਾਂਸਲ ਨਾਲ ਘਟਨਾ ਬਾਰੇ ਦੁੱਖ ਸਾਂਝਾ ਕਰਦਿਆਂ ਕਿਹਾ ਉਹ ਪੰਜਾਬ ਸਰਕਾਰ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਲਾਹ ਕਰਕੇ ਵੱਧ ਤੋਂ ਵੱਧ ਮਦਦ ਕਰਵਾਉਣ ਦਾ ਕੋਸ਼ਿਸ਼ ਕਰਨਗੇ।



