Punjab
ਗੰਗਾ ਦੇ ਖ਼ੇਤਾਂ ’ਚ ਗ਼ੈਰਕਾਨੂੰਨੀ ਢੰਗ ਨਾਲ ਚੱਲਦੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ, 29 ਵਿਅਕਤੀਆਂ ਨੂੰ ਛੁਡਾਇਆ

ਬਠਿੰਡਾ, 30 ਜੁਲਾਈ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਥਾਣਾ ਨਥਾਣਾ ਦੀ ਪੁਲਿਸ ਵੱਲੋਂ ਪਿੰਡ ਗੰਗਾ ਦੇ ਖ਼ੇਤ ’ਚ ਬਣੇ ਮਕਾਨ ’ਚ ਗ਼ੈਰ-ਕਾਨੂੰਨੀ ਚੱਲਦੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰਦਿਆਂ ਉਥੋਂ 29 ਵਿਅਕਤੀਆਂ ਨੂੰ ਛੁਡਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਗੰਗਾ ਦੇ ਖ਼ੇਤ ’ਚ ਬਣੇ ਮਕਾਨ ’ਚ ਧੰਨ–ਧੰਨ ਬਾਬਾ ਬੁੱਢਾ ਸਾਹਿਬ ਜੀ ਨਸ਼ਾ ਮੁਕਤੀ ਸੰਸਥਾ ਵੱਲੋਂ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਸੀ, ਜਿਸ ’ਚ ਨਸ਼ਾ ਛੱਡਣ ਵਾਲੇ 29 ਵਿਅਕਤੀਆਂ ਨੂੰ ਉਥੇ ਰੱਖਿਆ ਗਿਆ ਸੀ। ਜਦੋਂ ਇਸ ਸਬੰਧੀ ਥਾਣਾ ਨਥਾਣਾ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਡੀਐੱਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਤੁਰੰਤ ਨਸ਼ਾ ਛੁਡਾਓ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਤਹਿਸੀਲਦਾਰ ਮਨਜੋਤ ਸਿੰਘ ਤੇ ਨਸ਼ਾ ਛੁਡਾਓ ਕੇਂਦਰ ਦੇ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਵੀ ਮੌਕੇ ’ਤੇ ਪਹੁੰਚੇ।



