
ਜਲੰਧਰ, 30 ਜੁਲਾਈ : ਸੂਬੇ ’ਚ ਕਈ ਜ਼ਿਲ੍ਹਿਆਂ ’ਚ ਝੋਨੇ ਦੀ ਫਸਲ ’ਤੇ ਵਾਇਰਸ ਦਾ ਹਮਲਾ ਹੋਣ ਕਾਰਨ ਪੌਦਿਆਂ ਨੂੰ ਮਧਰੇਪਣ ਦਾ ਰੋਗ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਰੋਪੜ, ਸੰਗਰੂਰ, ਪਟਿਆਲਾ, ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਆਉਣ ਬਾਰੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪੁਸ਼ਟੀ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਕੁਝ ਕਿਸਾਨਾਂ ਨੇ ਆਪਣੇ ਖੇਤਾਂ ’ਚ ਬੀਜੀ ਗਈ ਝੋਨੇ ਦੀ ਫਸਲ ਵਿਚ ਕੁਝ ਛੋਟੀਆਂ-ਛੋਟੀਆਂ ਥਾਵਾਂ ’ਤੇ ਝੋਨਾ ਮੱਧਰਾ ਰਹਿਣ ਬਾਰੇ ਵਿਭਾਗ ਨੂੰ ਜਾਣੂ ਕਰਵਾਇਆ। ਵਿਭਾਗੀ ਟੀਮਾਂ ਨੇ ਸਬੰਧਤ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਜਾਂਚ-ਪੜਤਾਲ ਕੀਤੀ ਅਤੇ ਪੌਦਿਆਂ ਦੇ ਸੈਂਪਲ ਲੈ ਕੇ ਪੀਏਯੂ ਦੀ ਪੈਥਾਲੋਜੀ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਹਨ। ਓਧਰ ਖੇਤੀਬਾੜੀ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਟੀਮਾਂ ਨੇ ਪੜਤਾਲ ਕਰਨ ਤੋਂ ਬਾਅਦ ਦਿੱਤੀ ਗਈ ਰਿਪੋਰਟ ’ਚ ਦੱਸਿਆ ਹੈ ਕਿ ਪੌਦੇ ਮੱਧਰੇ ਰਹਿਣ ਦਾ ਰੋਗ ਕਿਸ ਵਜ੍ਹਾ ਕਰਕੇ ਹੋਇਆ ਹੈ, ਹਾਲੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਦਾ ਪਤਾ ਪੀਏਯੂ ਦੀ ਪੈਥਾਲੋਜੀ ਲੈਬ ਦੀ ਰਿਪੋਰਟ ਆਉਣ ਉਪਰੰਤ ਹੀ ਲੱਗ ਸਕੇਗਾ। ਉਂਝ ਵਿਭਾਗ ਨੇ ਕਿਸਾਨਾਂ ਨੂੰ ਖੇਤਾਂ ’ਚ ਇਸ ਰੋਗ ਦਾ ਸ਼ਿਕਾਰ ਪੌਦੇ ਪੁੱਟ ਕੇ ਡੂੰਘਾ ਟੋਇਆਂ ਪੁੱਟ ਕੇ ਦੱਬਣ ਦੇ ਨਾਲ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਨ ਦੀ ਸਲਾਹ ਦਿੱਤੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ (ਜੇਡੀਏ) ਪਲਾਂਟ ਪ੍ਰੋਟੈਕਸ਼ਨ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਵਿਭਾਗ ਨੂੰ ਉਕਤ ਜ਼ਿਲ੍ਹਿਆਂ ਤੋਂ ਝੋਨੇ ਦੇ ਖੇਤ ’ਚ ਕੁਝ-ਕੁਝ ਥਾਵਾਂ ’ਤੇ ਪੌਦਿਆਂ ਨੂੰ ਮਧਰੇਪਣ ਦਾ ਰੋਗ ਹੋਣ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਵਿਭਾਗ ਨੇ ਜ਼ਿਲ੍ਹਾ ਪੱਧਰ ’ਤੇ ਖੇਤੀ ਅਫਸਰਾਂ ਤੇ ਕੇਵੀਕੇ ਮਾਹਰਾਂ ਦੀਆ ਟੀਮਾਂ ਗਠਿਤ ਕਰਕੇ ਜਾਂਚ ਰਿਪੋਰਟਾਂ ਭੇਜਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਮਿਲੀਆਂ ਰਿਪੋਰਟਾਂ ਮੁਤਾਬਕ ਉਕਤ ਜ਼ਿਲ੍ਹਿਆਂ ਦੇ ਕੁਝ ਪਿੰਡਾਂ ’ਚ ਝੋਨੇ ਦੇ ਖੇਤਾਂ ਇਸ ਰੋਗ ਦੇ ਛੋਟੇ-ਛੋਟੇ ਸਪਾਟ ਦੇਖਣ ਨੂੰ ਮਿਲੇ ਸਨ, ਜਿਨ੍ਹਾਂ ਦੇ ਸੈਂਪਲ ਟੀਮਾਂ ਨੇ ਲੈ ਕੇ ਪੀਏਯੂ ’ਚ ਜਾਂਚ ਲਈ ਭੇਜ ਦਿੱਤੇ ਹਨ। ਇਸ ਦਾ ਪਤਾ ਪੀਏਯੂ ਦੀ ਪੈਥਾਲੋਜੀ ਲੈਬ ’ਚੋਂ ਸੈਂਪਲਾਂ ਦੀ ਰਿਪੋਰਟ ਆਉਣ ਉਪਰੰਤ ਹੀ ਲੱਗ ਸਕੇਗਾ।



