ਵਿਭਾਗ ਨੇ ਬਿਨਾਂ ਲਾਇਸੈਂਸ ਚੱਲ ਰਿਹਾ ਆਯੁਰਵੈਦਿਕ ਸਟੋਰ ਕੀਤਾ ਸੀਲ
ਕਾਮਿਨੀ ਵਿਦ੍ਰਾਵਨ ਰਸ ਦੀਆਂ 70 ਸੀਸ਼ੀਆਂ ਬਰਾਮਦ

ਬਠਿੰਡਾ, 29 ਜੁਲਾਈ : ਜ਼ਿਲ੍ਹਾ ਆਯੁਰਵੈਦਿਕ ਵਿਭਾਗ ਅਤੇ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਕਾਰਵਾਈ ’ਚ ਸੋਮਵਾਰ ਦੀ ਦੁਪਹਿਰ ਅਜੀਤ ਰੋਡ ਗਲੀ ਨੰਬਰ 17 ਵਿਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਇਕ ਆਯੁਰਵੈਦਿਕ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸਟੋਰ ਸੰਚਾਲਕ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਲਾਇਸੈਂਸ ਜਾਂ ਪ੍ਰਵਾਨਗੀ ਨਹੀਂ ਦਿਖਾ ਸਕਿਆ। ਇਸ ਉਪਰੰਤ ਵਿਭਾਗ ਅਤੇ ਪੁਲਿਸ ਨੇ ਸਟੋਰ ਨੂੰ ਸੀਲ ਕਰ ਦਿੱਤਾ। ਸਟੋਰ ਸੰਚਾਲਕ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ’ਚ ਲਾਇਸੈਂਸ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਦੌਰਾਨ ਆਯੁਰਵੈਦਿਕ ਵਿਭਾਗ ਨੇ ਅਜੀਤ ਰੋਡ ਗਲੀ ਨੰਬਰ 17 ਵਿਚ ਰਹਿਮਤ ਆਯੁਰਵੈਦਿਕ ਸਟੋਰ ਨਾਂ ਦੀ ਦੁਕਾਨ ਤੋਂ ਕਾਮਿਨੀ ਵਿਦ੍ਰਾਵਨ ਰਸ ਦੀਆਂ 70 ਸੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਆਮ ਤੌਰ ‘ਤੇ ਉਕਤ ਦਵਾਈ ਡਾਕਟਰ ਦੀ ਪਰਚੀ ‘ਤੇ ਹੀ ਆਯੁਰਵੇਦ ’ਚ ਵੇਚੀ ਜਾ ਸਕਦੀ ਹੈ ਪਰ ਦੁਕਾਨਦਾਰ ਨਿਡਰਤਾ ਨਾਲ ਉਕਤ ਦਵਾਈ ਵਿਦਿਆਰਥੀਆਂ ਅਤੇ ਉਥੇ ਆਉਣ ਵਾਲੇ ਹੋਰ ਲੋਕਾਂ ਨੂੰ ਵੇਚ ਰਿਹਾ ਸੀ। ਸਟੋਰ ਨੂੰ ਸੀਲ ਕਰਨ ਤੋਂ ਬਾਅਦ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਬਲਦੇਵ ਰਾਜ ਨੇ ਕਿਹਾ ਕਿ ਸਟੋਰ ਵਿਚ ਆਯੁਰਵੈਦਿਕ ਦਵਾਈ ਦਾ ਸਟਾਕ ਨਾਮਾਤਰ ਸੀ, ਜਦਕਿ ਮੌਕੇ ‘ਤੇ ਕਾਮਿਨੀ ਦੀਆਂ 70 ਸ਼ੀਸ਼ੀਆਂ ਮਿਲੀਆਂ ਹਨ। ਆਮ ਤੌਰ ‘ਤੇ ਇਸਦੀ ਵਰਤੋਂ ਨਸ਼ਾ ਕਰਨ ਲਈ ਕੀਤੀ ਜਾ ਰਹੀ ਸੀ। ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਜੋਤ ਸਿੰਘ ਵੀ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸਟੋਰ ਸੰਚਾਲਕ ਕੋਲ ਦਵਾਈਆਂ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ, ਜਿਸ ਕਾਰਨ ਇਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਲਾਇਸੈਂਸ ਦਿਖਾਉਣ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ। ਇਸ ਇਲਾਕੇ ਵਿਚ ਵਿਦਿਆਰਥੀਆਂ ਦੀ ਸਭ ਤੋਂ ਵੱਧ ਆਵਾਜਾਈ ਹੈ। ਸ਼ੱਕ ਹੈ ਕਿ ਕਾਮਿਨੀ ਦਵਾਈ ਵੇਚਣ ਲਈ ਵੀ ਇਹ ਸਟੋਰ ਚਲਾਇਆ ਜਾ ਰਿਹਾ ਸੀ। ਦੋਸ਼ੀ ਦੁਕਾਨਦਾਰ ਪਹਿਲਾਂ ਇਕ ਦਵਾਈ ਦੀ ਦੁਕਾਨ ਵਿਚ ਕੰਮ ਕਰਦਾ ਸੀ, ਉੱਥੋਂ ਕੰਮ ਸਿੱਖਣ ਤੋਂ ਬਾਅਦ ਉਸਨੇ ਇਹ ਦੁਕਾਨ ਖੋਲ੍ਹੀ ਸੀ।



