ਹਰਿਆਣਾ ਵਿਧਾਨ ਸਭਾ ’ਚ ਮਿਲੀ ਹਾਰ ਦੀ ਗ਼ਲਤੀ ਪੰਜਾਬ ’ਚ ਨਹੀਂ ਦੁਹਰਾਉਣਾ ਚਾਹੁੰਦੀ ਕਾਂਗਰਸ
ਭੁਪੇਸ਼ ਬਘੇਲ ਨੇ ਸੀਨੀਅਰ ਆਗੂਆਂ ਨਾਲ ਕੀਤੀ ਵਨ-ਟੂ-ਵਨ ਮੀਟਿੰਗ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 27 ਜੁਲਾਈ : ਹਾਲਾਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਅਜੇ ਦੂਰ ਹਨ ਪਰ ਕਾਂਗਰਸ ਹਾਈ ਕਮਾਨ ਹੁਣ ਤੋਂ ਹੀ ਫੂਕ-ਫੂਕ ਕੇ ਕਦਮ ਚੁੱਕ ਰਹੀ ਹੈ। ਲੋਕ ਸਭਾ ਚੋਣਾਂ ਵਿਚ ਕਾਂਗਰਸ ਸੂਬੇ ਵਿਚ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਕਾਂਗਰਸ ਹਾਈ ਕਮਾਨ ਨੂੰ ਲੱਗ ਰਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਸਰਕਾਰ ਬਣਾ ਸਕਦੀ ਹੈ ਪਰ ਪਾਰਟੀ ਹਾਈ ਕਮਾਨ ਪਿਛਲੇ ਸਾਲ ਹਰਿਆਣਾ ਚੋਣਾਂ ਵੇਲ਼ੇ ਹੋਈ ਗਲਤੀ ਤੋਂ ਡਰੀ ਹੋਈ ਹੈ ਜਿਸ ਕਰ ਕੇ ਪਾਰਟੀ ਨੇ ਹੁਣ ਤੋਂ ਹੀ ਸੀਨੀਅਰ ਆਗੂਆਂ ਦੀ ਨਬਜ਼ ਟਟੋਲਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਸਾਬਕਾ ਪ੍ਰਧਾਨਾਂ ਨਾਲ ਦਿੱਲੀ ਵਿਖੇ ਇਕੱਲੇ-ਇਕੱਲੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭੁਪੇਸ਼ ਬਘੇਲ ਸੀਨੀਅਰ ਆਗੂਆਂ ਤੋਂ ਪੰਜਾਬ ਕਾਂਗਰਸ ਅਤੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਵਿਚਾਰ ਚਰਚਾ ਕਰ ਰਹੇ ਹਨ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ। ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸੱਤ ਸੀਟਾਂ ਮਿਲੀਆਂ ਹਨ ਅਤੇ ਜਿਹੜੀਆਂ ਸੀਟਾਂ ’ਤੇ ਹਾਰ ਹੋਈ ਹੈ, ਉਹਨਾਂ ਵਿਚ ਕਈ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀ ਨਤੀਜਾ ਵਧੀਆ ਰਿਹਾ ਹੈ ਜਿਸ ਕਾਰਨ ਪਾਰਟੀ ਮਹਿਸੂਸ ਕਰ ਰਹੀ ਹੈ ਕਿ 2027 ਵਿਚ ਪਾਰਟੀ ਸੱਤਾ ਵਿਚ ਵਾਪਸੀ ਕਰ ਸਕਦੀ ਹੈ ਪਰ ਇਨ੍ਹੀਂ ਦਿਨੀਂ ਪਾਰਟੀ ਧੜਿਆਂ ਵਿਚ ਵੰਡੀ ਹੋਈ ਹੈ। ਲੁਧਿਆਣਾ ਪੱਛਮੀ ਸੀਟ ’ਤੇ ਪਾਰਟੀ ਦੀ ਹਾਰ ਵਿਚ ਧੜੇਬਾਜ਼ੀ ਹੋਣ ਕਰ ਕੇ ਮੰਨਿਆ ਜਾ ਰਿਹਾ ਹੈ। ਪਾਰਟੀ ਲੁਧਿਆਣਾ ਪੱਛਮੀ ਸੀਟ ਬੁਰੀ ਤਰ੍ਹਾਂ ਹਾਰ ਗਈ, ਜਿਸ ਨੂੰ ਕਾਂਗਰਸ ਦੀਆਂ ਸਭ ਤੋਂ ਮਜ਼ਬੂਤ ਸੀਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।



