ਆਈਜੀ ਕਰਨਗੇ ਵਿਧਾਇਕ ਸਿੰਗਲਾ ਨਾਲ ਸਬੰਧਤ ਫੋਰੈਂਸਿਕ ਰਿਪੋਰਟ ਬਦਲਣ ਦੇ ਮਾਮਲੇ ਦੀ ਜਾਂਚ
ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਦਿੱਤੀ ਜਾਣਕਾਰੀ

ਚੰਡੀਗੜ੍ਹ, 27 ਜੁਲਾਈ : ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਐੱਫਐੱਸਐੱਲ) ਪੰਜਾਬ ਦੇ ਨਿਰਦੇਸ਼ਕ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਹੁਣ ਆਈਜੀਪੀ ਐੱਸ ਬੋਪਾਰਾਏ ਵੱਲੋਂ ਕੀਤੀ ਜਾਵੇਗੀ। ਇਹ ਬਿਆਨ ਐੱਫਐੱਸਐੱਲ ਦੇ ਭੌਤਿਕੀ ਵਿਭਾਗ ਦੀ ਆਡੀਓ ਯੂਨਿਟ ਦੀ ਸਹਾਇਕ ਨਿਰਦੇਸ਼ਕ ਡਾ. ਸੰਦੀਪ ਕੌਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਜਵਾਬ ਵਿਚ ਦਿੱਤਾ ਗਿਆ। ਰਾਜ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਰਿਪੋਰਟ ਅਗਲੇ ਕੁਝ ਦਿਨਾਂ ਵਿਚ ਪੂਰੀ ਹੋਣ ਦੀ ਸੰਭਾਵਨਾ ਹੈ। ਡਾ. ਸੰਦੀਪ ਕੌਰ ਨੇ ਜਾਤੀ-ਆਧਾਰਿਤ ਪਰੇਸ਼ਾਨ ਕਰਨ ਅਤੇ ਫੋਰੈਂਸਿਕ ਰਿਪੋਰਟ ਵਿਚ ਹੇਰ-ਫੇਰ ਕਰਨ ਦੇ ਦਬਾਅ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ 3 ਜਨਵਰੀ ਨੂੰ ਜਦੋਂ ਉਹ ਅਤੇ ਉਨ੍ਹਾਂ ਦੀ ਟੀਮ ਮੋਹਾਲੀ ਸਥਿਤ ਐੱਫਐੱਸਐੱਲ ਵਿਚ ਨਿਯਮਤ ਚਰਚਾ ਵਿਚ ਰੁੱਝੇ ਹੋਏ ਸਨ ਤਾਂ ਐੱਫਐੱਸਐੱਲ ਦੇ ਨਿਰਦੇਸ਼ਕ ਅਸ਼ਵਨੀ ਕਾਲੀਆ ਲੈਬ ਵਿਚ ਆਏ ਤੇ ਹਮਲਾਵਰ ਢੰਗ ਨਾਲ ਅਧਿਕਾਰਕ ਮੋਹਰ ਦਿਖਾਉਣ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਬਿਨਾਂ ਉਚਿਤ ਪ੍ਰਕਿਰਿਆ ਦੇ ਸੌਂਪਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਨੇ ਇਸ ਮਾਮਲੇ ’ਤੇ ਆਧਿਕਾਰਕ ਚਰਚਾ ਕਰਨ ਦੀ ਬੇਨਤੀ ਕੀਤੀ ਤਾਂ ਨਿਰਦੇਸ਼ਕ ਨੇ ਆਪਾ ਗੁਆ ਦਿੱਤਾ ਅਤੇ ਵਰਿੰਦਰ ਸਿੰਘ, ਵਿਸ਼ਾਲ ਭਟੇਜਾ ਅਤੇ ਗੁਰਪ੍ਰੀਤ ਕੌਰ ਸਮੇਤ ਸਟਾਫ ਮੈਂਬਰਾਂ ਸਾਹਮਣੇ ਜਾਤੀ-ਸੂਚਕ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਮਾਮਲੇ ਨਾਲ ਸੰਬੰਧਿਤ ਆਡੀਓ ਸਬੂਤ ਐੱਫਐੱਸਐਲ ਦੀ ਆਡੀਓ ਯੂਨਿਟ ਨੂੰ ਸੌਂਪੇ ਗਏ ਹਨ, ਜਿਸ ਦੀ ਅਗਵਾਈ ਡਾ. ਸੰਦੀਪ ਕੌਰ ਕਰ ਰਹੀ ਹੈ। ਪਟੀਸ਼ਨ ਅਨੁਸਾਰ ਨਿਰਦੇਸ਼ਕ ਕਾਲੀਆ ਨੇ ਸਾਬਕਾ ਮੰਤਰੀ ਨੂੰ ਲਾਭ ਪਹੁੰਚਾਉਣ ਲਈ ਡਾ. ਸੰਦੀਪ ਕੌਰ ’ਤੇ ਆਵਾਜ਼ ਵਿਸ਼ਲੇਸ਼ਣ ਰਿਪੋਰਟ ਵਿਚ ਛੇੜਛਾੜ ਕਰਨ ਦਾ ਦਬਾਅ ਬਣਾਇਆ। ਪਟੀਸ਼ਨ ਅਨੁਸਾਰ ਜਦੋਂ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕੀਤੀ, ਤਾਂ ਉਨ੍ਹਾਂ ਨੇ ਮੋਹਾਲੀ ਦੇ ਵਧੀਕ ਸੈਸ਼ਨ ਜੱਜ ਸਾਹਮਣੇ ਇਕ ਸ਼ਿਕਾਇਤ ਦਾਇਰ ਕੀਤੀ ਅਤੇ ਪੁਲਿਸ ਨੂੰ ਪਹਿਲੀ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ।



