Punjab

ਦਿਵਿਆਂਗ ਤੇ ਸੀਨੀਅਰ ਸਿਟੀਜ਼ਨਜ਼ ਨੂੰ ਵੋਟਰ ਸੂਚੀਆਂ ’ਚ ਸ਼ਾਮਲ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ : ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 27 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਜਸਬੀਰ ਸਿੰਘ ਨੇ ਦਿਵਿਆਂਗ ਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਚੋਣ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਅਕਸੈਸੇਬਲ ਇਲੈਕਸ਼ਨ ਸਬੰਧੀ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜੋ ਦਿਵਿਆਂਗ ਵਿਅਕਤੀ ਅਜੇ ਵੋਟਰ ਸੂਚੀ ’ਚ ਦਰਜ ਨਹੀਂ ਹਨ, ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਵੋਟਰ ਸੂਚੀਆਂ ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵੋਟਰਾਂ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਦਿਵਿਆਂਗ ਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹੂਲਤ ਲਈ ਐੱਨਸੀਸੀ, ਐੱਨਐੱਸਐੱਸ, ਨਹਿਰੂ ਯੁਵਾ ਕੇਂਦਰਾਂ ਤੇ ਐੱਨਜੀਓਜ਼ ਨੂੰ ਵਿਸ਼ੇਸ਼ ਸਿਖ਼ਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਜਸਬੀਰ ਸਿੰਘ ਨੇ ਕਿਹਾ ਕਿ 85 ਸਾਲ ਤੋਂ ਵੱਧ ਉਮਰ ਤੇ ਦਿਵਿਆਂਗ ਵੋਟਰਾਂ ਨੂੰ ਦਿੱਤੀ ਜਾ ਰਹੀ ਹੋਮ ਵੋਟਿੰਗ ਦੀ ਸੁਵਿਧਾ ਨੂੰ ਹੋਰ ਵੀ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਵੀਪ ਆਈਕਨ ਰਾਹੀਂ ਦਿਵਿਆਂਗ ਵੋਟਰਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾਵੇ, ਤਾਂ ਜੋ ਦਿਵਿਆਂਗ ਵੋਟਰਾਂ ਦੀ ਲੋਕਤੰਤਰੀ ਪ੍ਰਕਿਰਿਆ ’ਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਬੀਐੱਲਓਜ਼ ਨੂੰ ਦਿਵਿਆਂਗ ਵੋਟਰਾਂ ਲਈ ਘਰ-ਘਰ ਜਾ ਕੇ ਸਰਵੇਖਣ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਐਪਲੀਕੇਸ਼ਨ ‘ਸਕਸ਼ਮ ਈਸੀਆਈ’ ਦੀ ਵੱਧ ਤੋਂ ਵੱਧ ਵਰਤੋਂ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਦਿਵਿਆਂਗ ਤੇ ਸੀਨੀਅਰ ਸਿਟੀਜ਼ਨ ਵਿਅਕਤੀ ਵੋਟਰ ਸੂਚੀਆਂ ’ਚ ਰਜਿਸਟਰ ਹੋਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਕਮੇਟੀ ਮੈਂਬਰਾਂ ਨਾਲ ਦਿਵਿਆਂਗ ਵੋਟਰਾਂ ਲਈ ਵੱਖਰੀਆਂ ਕਤਾਰਾਂ, ਹੋਮ ਵੋਟਿੰਗ ਦੀ ਸਹੂਲਤ, ਵੀਲ੍ਹ ਚੇਅਰ ਤੇ ਰੈਂਪ, ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਤੇ ਵੋਟ ਉਪਰੰਤ ਘਰ ਵਾਪਸ ਛੱਡਣ ਲਈ ਟਰਾਂਸਪੋਰਟ ਸਹੂਲਤ ਆਦਿ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਸਹਾਇਕ ਡਾਇਰੈਕਟਰ ਯੂਥ ਸਰਵਿਸਜ਼ ਰਵੀ ਦਾਰਾ, ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਨੇਹਾ ਸ਼ਰਮਾ, ਸਹਾਇਕ ਸਵੀਪ ਨੋਡਲ ਅਫ਼ਸਰ, ਜਲੰਧਰ ਡਾ. ਅਸ਼ੋਕ ਸਹੋਤਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਜ਼ਿਲ੍ਹਾ ਪੀਡਬਲਿਊਡੀਜ਼ ਕੋਆਰਡੀਨੇਟ ਮਨੀਸ਼ ਅਗਰਵਾਲ, ਪ੍ਰਧਾਨ ਚਾਨਣ ਐਸੋਸੀਏਸ਼ਨ ਓਪਿੰਦਰ ਕੌਰ, ਸਲਾਹਕਾਰ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ (ਸੁਡਾਨਾ) ਡਾ. ਸੁਰਜੀਤ ਲਾਲ, ਪ੍ਰਿੰਸੀਪਲ ਰੈੱਡ ਕਰਾਸ ਸਕੂਲ ਫਾਰ ਡੈਫ ਮਕਸੂਦਾਂ, ਜਲੰਧਰ ਪੁਸ਼ਪਿੰਦਰ ਨਾਥ ਸ਼ਰਮਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਦਫ਼ਤਰ ਤੋਂ ਸਰਬਜੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਤੋਂ ਕੰਚਨ ਬਾਲਾ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button