
ਡਾ: ਰਮਨਦੀਪ ਕੌਰ
ਚੰਡੀਗੜ੍ਹ, 26 ਜੁਲਾਈ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਦਮਨਬੀਰ ਸਿੰਘ ਸੋਬਤੀ ਨੇ ਦਾਅਵਾ ਕੀਤਾ ਹੈ ਕਿ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਸਬੂਤ ਜੁਟਾਉਣ ਵਿਚ ਫੇਲ੍ਹ ਹੋਣ ਮਗਰੋਂ ਹੁਣ ਵਿਜੀਲੈਂਸ ਅਧਿਕਾਰੀ ਝੂਠੇ ਸਬੂਤ ਤਿਆਰ ਕਰਨ ਵਿਚ ਜੁੱਟ ਗਏ ਹਨ। ਵਕੀਲਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਮਜੀਠੀਆ ’ਤੇ ਤੀਸਰਾ ਕੇਸ ਦਰਜ ਕਰਨ ਲਈ ਵਿਜੀਲੈਂਸ ਨੇ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕਣ ਤੇ ਉਹਨਾਂ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਦੱਸਿਆ ਕਿ ਵਿਜੀਲੈਂਸ ਮਜੀਠੀਆ ਕੋਲੋਂ 29 ਮੋਬਾਈਲ ਫੋਨ, 141 ਕਰੋੜ ਰੁਪਏ ਦਾ ਲੈਣ-ਦੇਣ, 540 ਕਰੋੜ ਰੁਪਏ ਦਾ ਨਿਵੇਸ਼ ਅਤੇ ਹਿਮਾਚਲ ਪ੍ਰਦੇਸ਼ ਵਿਚ 1000 ਏਕੜ ਜ਼ਮੀਨ ਬਾਰੇ ਸਬੂਤ ਨਹੀਂ ਜੁਟਾ ਸਕੀ। ਹੁਣ ਵਿਜੀਲੈਂਸ ਨੇ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਚੁੱਕਣ ਤੇ ਉਹਨਾਂ ਨੂੰ ਧਾਰਾ 164 ਤਹਿਤ ਬਿਆਨ ਦਰਜ ਕਰਵਾਉਣ ਲਈ ਤਸੀਹੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਜੀਐੱਸ ਬੈਂਸ ਨਾਂ ਦੇ ਐੱਸਪੀ ਨੇ ਬਲਵਿੰਦਰ ਸਿੰਘ ਤੇ ਉਸ ਦੇ ਜੀਜਾ ਮਨਜਿੰਦਰ ਸਿੰਘ ਨੂੰ 21 ਜੁਲਾਈ ਨੂੰ ਅੰਮ੍ਰਿਤਸਰ ਤੋਂ ਚੁੱਕ ਕੇ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹੋਟਲ ਵਿਚ ਰੱਖਿਆ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ। ਪੁਲਿਸ ਨੇ ਅਗਲੇ ਦਿਨ ਦੋਵਾਂ ਨੂੰ ਮੁਹਾਲੀ ਵਿਜੀਲੈਂਸ ਬਿਊਰੋ ਦਫ਼ਤਰ ਲਿਆਂਦਾ ਜਿੱਥੇ ਪੁਲਿਸ ਅਫਸਰ ਨੇ ਉਹਨਾਂ ਨੂੰ ਗਾਲ੍ਹਾਂ ਕੱਢੀਆਂ। ਕਲੇਰ ਤੇ ਸੋਬਤੀ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਾਜਾਇਜ਼ ਹਿਰਾਸਤ ਵਿਚ ਰੱਖਣ ਦੀ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਇਕ ਵਾਰੰਟ ਅਫਸਰ ਨਿਯੁਕਤ ਕਰ ਦਿੱਤਾ ਜਿਸ ਨੇ ਟੀਮ ਸਮੇਤ ਵਿਜੀਲੈਂਸ ਬਿਊਰੋ ਦੇ ਦਫਤਰ ਰੇਡ ’ਤੇ ਕੀਤੀ। ਇਸ ਦੀ ਭਿਣਕ ਸਰਕਾਰ ਨੂੰ ਲੱਗੀ ਤਾਂ ਦੋਵਾਂ ਨੂੰ ਤੁਰੰਤ ਅੰਮ੍ਰਿਤਸਰ ਭੇਜ ਦਿੱਤਾ ਗਿਆ ਤੇ ਰਾਹ ਵਿਚ ਮਜਬੂਰ ਕੀਤਾ ਗਿਆ ਕਿ ਉਹ ਆਪਣੇ ਪਰਿਵਾਰ ਨੂੰ ਦੱਸਣ ਕਿ ਅਸੀਂ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਆ ਰਹੇ ਹਾਂ ਪਰ ਦੋਵਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਹੋਰ ਦੱਸਿਆ ਕਿ ਹੁਣ ਵਾਸੂ ਪਾਠਕ ਨਾਂ ਦੇ ਵਿਅਕਤੀ ਦਾ ਬਿਆਨ ਦਰਜ ਹੋ ਰਿਹਾ ਹੈ ਜੋ ਦੱਸ ਰਿਹਾ ਹੈ ਕਿ ਇਕ ਜੀਤਾ ਮੌੜ ਨਾਂ ਦੇ ਵਿਅਕਤੀ ਨੇ ਬਿਕਰਮ ਮਜੀਠੀਆ ਤੋਂ ਲਏ ਨਗਦ ਪੈਸਿਆਂ ਨਾਲ ਨਿਵੇਸ਼ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਵਿਅਕਤੀ ਵਿਜੀਲੈਂਸ ਦਫ਼ਤਰ ਬੈਠਦੇ ਹਨ, ਇਹ ਪੰਜਾਬ ਪੁਲਿਸ ਲਈ ਵੱਡੀ ਖ਼ਤਰੇ ਵਾਲੀ ਗੱਲ ਹੈ ਕਿਉਂਕਿ ਉਹ ਪੰਜਾਬ ਦੇ ਅਧਿਕਾਰੀਆਂ ਨੂੰ ਫਾਈਲਾਂ ’ਤੇ ਦਸਤਖ਼ਤ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਬਿਕਰਮ ਮਜੀਠੀਆ ਦੇ ਖਿਲਾਫ਼ ਤੀਜਾ ਝੂਠਾ ਕੇਸ ਵੀ ਦਰਜ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੀ ਆਵਾਜ਼ ਦਬਾਈ ਜਾ ਸਕੇ । ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੀ ਟੀਮ ਦੇ ਇਕ ਵਕੀਲ ਨੂੰ ਡੀਏ ਕੇਸ ਦੀ ਪਿਛਲੀ ਸੁਣਵਾਈ ’ਤੇ ਘਰ ਵਿਚ ਨਜ਼ਰਬੰਦ ਕਰਕੇ ਰੱਖਿਆ ਗਿਆ। ਇਸ ਤੋ਼ ਇਲਾਵਾ ਮੁਹਾਲੀ ਦੇ ਐੱਸਐੱਸਪੀ ਨੇ ਖੁਦ ਪੁਲਿਸ ਟੀਮ ਦੀ ਅਗਵਾਈ ਕੀਤੀ ਜਿਹਨਾਂ ਨੇ ਕੋਰਟ ਕੰਪਲੈਕਸ ਵਿਚ ਸਾਡੀ ਲੀਗਲ ਟੀਮ ਦੇ ਮੈਂਬਰਾਂ ਨਾਲ ਬਦਤਮੀਜੀ ਕੀਤੀ। ਉਹਨਾਂ ਦੱਸਿਆ ਕਿ ਮਾਮਲੇ ਬਾਰੇ ਹਾਈ ਕੋਰਟ ਦੀ ਬਾਰ ਕੌਂਸਲ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।



