ਕਾਰ ਸਵਾਰਾਂ ਨੂੰ ਬਚਾਉਣ ਵਾਲੇ ਕ੍ਰਿਸ਼ਨਾ ਦਾ ਸਨਮਾਨ ਕਰਨਾ ਭੁੱਲਿਆ ਪ੍ਰਸ਼ਾਸਨ, ਕ੍ਰਿਸ਼ਨਾ ਨੇ ਕਿਹਾ- ਪੁਲਿਸ ਆਈ ਸੀ ਕੁਝ ਸਮਾਂ ਲੇਟ

ਬਠਿੰਡਾ, 26 ਜੁਲਾਈ : ਸਰਹਿੰਦ ਨਹਿਰ ਵਿੱਚ ਇਕ ਪਰਿਵਾਰ ਦੇ 11 ਮੈਂਬਰਾਂ ਦੇ ਕਾਰ ਸਮੇਤ ਡਿੱਗ ਪੈਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਪਰਵਾਸੀ ਨੌਜਵਾਨ ਕ੍ਰਿਸ਼ਨਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਭੁਲਾ ਹੀ ਦਿੱਤਾ ਹੈ। ਹਾਲਾਂਕਿ ਸਭ ਤੋਂ ਪਹਿਲਾਂ ਕ੍ਰਿਸ਼ਨਾ ਨੇ ਹੀ ਨਹਿਰ ਵਿਚ ਛਾਲ ਮਾਰ ਕੇ ਇਕ ਹੋਰ ਵਿਅਕਤੀ ਦੀ ਮਦਦ ਨਾਲ ਸਵਾਰਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਕ੍ਰਿਸ਼ਨਾ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਘਟਨਾ ਤੋਂ ਕਰੀਬ 15 ਮਿੰਟ ਲੇਟ ਆਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ ਪਰ ਉਸ ਨੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਪਰ ਆਮ ਲੋਕ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਜ਼ਰੂਰ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਉਕਤ ਨੌਜਵਾਨ ਨੂੰ ਸਨਮਾਨਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਜਸਵੰਤ ਸਿੰਘ, ਨਰਿੰਦਰ ਸਿੰਘ ਅਤੇ ਹਰਪਾਲ ਕੌਰ ਵੀ ਪਹੁੰਚੇ ਅਤੇ ਉਨ੍ਹਾਂ ਵਿੱਚੋਂ ਇਕ ਨੌਜਵਾਨ ਪੁਲਿਸ ਮੁਲਜ਼ਮ ਨੇ ਵੀ ਨਹਿਰ ਵਿੱਚ ਛਾਲ ਮਾਰ ਕੇ ਸਵਾਰੀਆਂ ਨੂੰ ਬਾਹਰ ਕੱਢ ਲਿਆ। ਵਿਭਾਗ ਵੱਲੋਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਤਾਂ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਸਹਾਇਤਾ ਤੇ ਡੀਜੀਪੀ ਡਿਸਕ ਐਵਾਰਡ ਦੇ ਕੇ ਸਨਮਾਨਿਤ ਕਰ ਦਿੱਤਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ ਗਈ ਪ੍ਰੰਤੂ ਸਭ ਤੋਂ ਪਹਿਲਾਂ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿਚ ਕੁੱਦਣ ਵਾਲੇ ਕ੍ਰਿਸ਼ਨਾ ਨੂੰ ਨਜ਼ਰ-ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ? ਇਸ ਮਾਮਲੇ ਸਬੰਧੀ ਜਦੋਂ ਕ੍ਰਿਸ਼ਨਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਉਸ ਤੋਂ 15 ਮਿੰਟ ਲੇਟ ਆਏ ਤੇ ਉਨ੍ਹਾਂ ਵੀ ਮਦਦ ਕੀਤੀ ਸੀ। ਉਨ੍ਹਾਂ ਦੀ ਬਹਾਦਰੀ ਦਾ ਸਨਮਾਨ ਕਰਨਾ ਵੀ ਜ਼ਰੂਰੀ ਹੈ, ਇਸ ਨਾਲ ਕੋਈ ਨਰਾਜ਼ਗੀ ਨਹੀਂ, ਪਰੰਤੂ ਸਭ ਤੋਂ ਪਹਿਲਾਂ ਜਿਸ ਨੇ ਛਾਲ ਮਾਰ ਕੇ ਸ਼ੀਸ਼ਾ ਤੋੜ ਕੇ ਕਾਰ ਸਵਾਰਾਂ ਦੀ ਜਾਨ ਬਚਾਉਣ ਲਈ ਯਤਨ ਕੀਤਾ, ਉਸ ਇਨਸਾਨ ਨੂੰ ਵੀ ਨਜ਼ਰ-ਅੰਦਾਜ਼ ਕਰਨਾ ਚੰਗੀ ਗੱਲ ਨਹੀਂ। ਉਸ ਨੇ ਦੱਸਿਆ ਕਿ ਹਾਲੇ ਤਕ ਕਿਸੇ ਵੀ ਸਰਕਾਰੀ ਨੁਮਾਇੰਦੇ ਵੱਲੋਂ ਫੋਨ ਕਰਕੇ ਹੌਸਲਾ ਅਫ਼ਜ਼ਾਈ ਵੀ ਨਹੀਂ ਮਿਲੀ, ਜਦੋਂ ਕਿ ਕਾਂਵੜ ਸੰਗ ਵੱਲੋਂ ਜ਼ਰੂਰ ਉਸ ਦਾ ਸਨਮਾਨ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਕਿਸ਼ਨਾ ਦੇ ਹੱਕ ਵਿਚ ਲੋਕ ਪੋਸਟਾਂ ਪਾ ਰਹੇ ਹਨ ਕਿ ਉਸ ਦਾ ਸਨਮਾਨ ਹੋਣਾ ਚਾਹੀਦਾ ਹੈ।



