
ਐੱਸ ਏ ਐੱਸ ਨਗਰ, 25 ਜੁਲਾਈ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਅਤੇ ਜੇਲ੍ਹ ਵਿੱਚ ਬੈਰਕ ਬਦਲਣ ਦੀ ਮੰਗ ‘ਤੇ ਸ਼ੁੱਕਰਵਾਰ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਸਰਕਾਰ ਨੇ ਜ਼ਮਾਨਤ ਅਰਜ਼ੀ ‘ਤੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ, ਪਰ ਇਸ ‘ਤੇ ਹੁਣ 30 ਜੁਲਾਈ ਨੂੰ ਸਵੇਰੇ 10 ਵਜੇ ਬਹਿਸ ਹੋਵੇਗੀ। ਫ਼ਿਲਹਾਲ, ਮਜੀਠੀਆ ਨੂੰ ਅਦਾਲਤ ਤੋ ਕੋਈ ਰਾਹਤ ਨਹੀਂ ਮਿਲੀ ਹੈ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਅਦਾਲਤ ਵਿੱਚ ਦੋ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ। ਪਿਛਲੀ ਸੁਣਵਾਈ ਵਿੱਚ ਅਦਾਲਤ ਨੇ ਏਡੀਜੀਪੀ ਜੇਲ੍ਹ ਤੋ ਰਿਪੋਰਟ ਮੰਗੀ ਸੀ, ਜੋ ਅੱਜ ਸੀਲਬੰਦ ਲਿਫ਼ਾਫ਼ੇ ਵਿੱਚ ਦਾਖਲ ਕੀਤੀ ਗਈ। ਸਰਕਾਰ ਨੇ ਇਸ ਨੂੰ ਗੁਪਤ ਦਸਤਾਵੇਜ਼ ਮੰਨਣ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ ਨੇ ਫਾਈਲ ਦਾ ਹਿੱਸਾ ਬਣਾ ਲਿਆ।ਵਕੀਲਾਂ ਨੇ ਇਸ ਰਿਪੋਰਟ ਦੀ ਕਾਪੀ ਮੰਗੀ ਸੀ, ਜੋ ਉਨ੍ਹਾਂ ਨੂੰ ਮਿਲ ਗਈ ਹੈ। ਬੈਰਕ ਬਦਲਣ ਨਾਲ ਜੁੜੀ ਅਰਜ਼ੀ ‘ਤੇ ਬਹਿਸ 2 ਅਗਸਤ ਨੂੰ ਹੋਵੇਗੀ। ਮਜੀਠੀਆ ਫ਼ਿਲਹਾਲ 2 ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ।



