
ਕਪੂਰਥਲਾ, 24 ਜੁਲਾਈ : ਪਿੰਡ ਦੁਬੁਰਜੀ ਨੇੜੇ ਦੇਰ ਰਾਤ ਪੈਟਰੋਲ ਪੰਪ ਸਾਹਮਣੇ ਇਕ ਈ-ਰਿਕਸ਼ਾ ਤੇ ਸਵਿਫਟ ਕਾਰ ਵਿਚਾਲ ਟੱਕਰ ਹੋ ਗਈ, ਇਸ ਹਾਦਸੇ ਵਿਚ ਈ-ਰਿਕਸ਼ਾ ਪਲਟ ਗਿਆ ਤੇ ਉਸ ’ਚ ਸਵਾਰ ਇਕ ਬੱਚੇ ਸਮੇਤ ਅੱਠ ਲੋਕ ਜ਼ਖਮੀ ਹੋ ਗਏ। ਜਦਕਿ ਕਾਰ ਚਾਲਕ ਤੇ ਘਟਨਾ ਵਾਲੀ ਥਾਂ ਨੇੜੇ ਮੌਜੂਦ ਲੋਕਾਂ ਵੱਲੋਂ 108 ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਰੂਨਾ ਦੇਵੀ ਪਤਨੀ ਦੀਪਕ ਚੌਧਰੀ, ਪਵਨ ਦੇਵੀ ਪਤਨੀ ਜੈਰਾਮ, ਬੇਬੀ ਦੇਵੀ ਪਤਨੀ ਮਿਥਲੇਸ਼, ਰੌਣਕ ਕੁਮਾਰ ਪੁੱਤਰ ਮਿਥਲੇਸ਼, ਨਾਨਕੀ ਦੇਵੀ ਪਤਨੀ ਸੰਜੈ ਪਾਸਵਾਨ, ਪਾਰਵਤੀ ਦੇਵੀ ਪਤਨੀ ਟੁਨਟੁਨ ਚੋਧਰੀ, ਅਨੀਤਾ ਦੇਵੀ ਪਤਨੀ ਸ਼ੰਕਰ ਚੌਧਰੀ ਹਾਲਵਾਸੀ ਅਮ੍ਰਿਤਸਰ ਰੋਡ ਨੇੜੇ ਦੋਆਬਾ ਪੇਟਰੋਲ ਪੰਪ ਅਤੇ ਡਰਾਈਵਰ ਵਿਸ਼ਾਲ ਪੁੱਤਰ ਸੁਨੀਲ ਨਿਵਾਸੀ ਲੱਛਮੀ ਨਗਰ ਦੇ ਰੂਪ ’ਚ ਹੋਈ ਹੈ। ਉੱਥੇ ਈ-ਰਿਕਸ਼ਾ ਚਾਲਕ ਸੁਨੀਲ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਕਰਤਾਰਪੁਰ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਦੁਬੁਰਜੀ ਪੈਟਰੋਲ ਪੰਪ ਨੇੜੇ ਪੁੱਜਿਆ ਤਾਂ ਇਕ ਕਾਰ ਨੇ ਉਸਦੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਈ-ਰਿਕਸ਼ਾ ਪਲਟ ਗਿਆ ਤੇ ਉਸ ਦੇ ਸਮੇਤ ਸਾਰੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਡਾ. ਨਵਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਖੈਰਾ ਨੇ ਟੀਮ ਸਮੇਤ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ।



