
ਲੁਧਿਆਣਾ, 24 ਜੁਲਾਈ : ਰੇਲਵੇ ਦੇ ਠੇਕੇਦਾਰ ਨਾਲ ਕੰਮ ਕਰ ਰਹੇ ਇੱਕ ਨੌਜਵਾਨ ਨੂੰ ਡਾਕਖਾਨੇ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਮੋਗਾ ਦੇ ਜੀਰਾ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਕੋਲੋਂ ਪੂਰੇ 6 ਲੱਖ ਰੁਪਏ ਦੀ ਰਕਮ ਲੈ ਲਈ। ਮੁਲਜ਼ਮ ਨੇ ਲੜਕੇ ਨੂੰ ਆਪਣੀ ਉੱਚੀ ਪਹੁੰਚ ਦਾ ਹਵਾਲਾ ਦੇ ਕੇ ਜਲ ਵਿੱਚ ਫਸਾ ਕਿ ਉਸ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਰੇਲਵੇ ਕਲੋਨੀ ਦੇ ਰਹਿਣ ਵਾਲੇ ਆਸ਼ੂ ਫੋਨਕਰ ਦੀ ਸ਼ਿਕਾਇਤ ਤੇ ਪਿੰਡ ਫਿਰੋਕੇ ਤਹਿਸੀਲ ਜੀਰਾ ਮੋਗਾ ਦੇ ਵਾਸੀ ਨਿਰਮਲ ਸਿੰਘ ਦੇ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਸ਼ੂ ਨੇ ਦੱਸਿਆ ਕਿ ਉਸਦੇ ਇੱਕ ਵਾਕਫ ਵਿਅਕਤੀ ਦੇ ਜ਼ਰੀਏ ਨਿਰਮਲ ਸਿੰਘ ਉਸ ਨੂੰ ਮਿਲਿਆ। ਨਿਰਮਲ ਸਿੰਘ ਨੇ ਆਖਿਆ ਕਿ ਸੈਂਟਰ ਵਿੱਚ ਉਸ ਦੀ ਬਹੁਤ ਪਹੁੰਚ ਹੈ ਅਤੇ ਉਹ ਬੜੀ ਆਸਾਨੀ ਨਾਲ ਡਾਕਖਾਨੇ ਵਿੱਚ ਉਸਨੂੰ ਸਰਕਾਰੀ ਨੌਕਰੀ ਦਵਾ ਦੇਵੇਗਾ। ਸਬਜਬਾਗ ਦਿਖਾ ਕੇ ਉਸ ਨੇ ਆਸ਼ੂ ਕੋਲੋਂ 6 ਲੱਖ ਰੁਪਏ ਹਾਸਲ ਕਰ ਲਏ। ਸਾਲ 2024 ਦੀ ਸ਼ੁਰੂਆਤ ਵਿੱਚ ਹੋਈ ਇਸ ਡੀਲ ਤੋਂ ਬਾਅਦ ਮੁਲਜ਼ਮ ਨੇ ਆਸੂ ਦਾ ਮੋਬਾਇਲ ਫੋਨ ਚੁੱਕਣਾ ਬੰਦ ਕਰ ਦਿੱਤਾ। ਨਾ ਤਾਂ ਉਸਨੇ ਲੜਕੇ ਨੂੰ ਨੌਕਰੀ ਲਗਵਾ ਕੇ ਦਿੱਤੀ ਅਤੇ ਨਾ ਹੀ ਰਕਮ ਵਾਪਸ ਮੋੜੀ। 11 ਅਕਤੂਬਰ 2024 ਨੂੰ ਆਸੂ ਸੋਨਕਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਨਿਰਮਲ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ ਮੁਲਜਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



