Punjab

ਸਮਸ਼ੇਰ ਦੂਲੋ ਤੇ ਪਰਗਟ ਸਿੰਘ ਦਰਮਿਆਨ ਹੋਈ ਮੀਟਿੰਗ ਨੇ ਕਾਂਗਰਸ ਹਲਕਿਆਂ ’ਚ ਛੇੜੀ ਨਵੀਂ ਚਰਚਾ, ਆਪਣੇ ਬੇਬਾਕ ਲਹਿਜੇ ਲਈ ਜਾਣੇ ਜਾਂਦੇ ਹਨ ਦੋਵੇਂ ਆਗੂ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 24 ਜੁਲਾਈ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਅਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਦਰਮਿਆਨ ਹੋਈ ਮੀਟਿੰਗ ਨੇ ਕਾਂਗਰਸ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਦੋਵੇਂ ਆਗੂਆਂ ਨੂੰ ਕਾਂਗਰਸ ਵਿਚ ਬੇਬਾਕੀ ਨਾਲ ਖਰੀ ਗੱਲ ਕਹਿਣ ਵਜੋਂ ਜਾਣਿਆ ਜਾਂਦਾ ਹੈ। ਪਤਾ ਲੱਗਿਆ ਹੈ ਕਿ ਪਰਗਟ ਸਿੰਘ ਬੁੱਧਵਾਰ ਨੂੰ ਅਚਾਨਕ ਸਮਸ਼ੇਰ ਸਿੰਘ ਦੂਲੋ ਦੇ ਖੰਨਾ ਸਥਿਤ ਘਰ ਗਏ। ਦੱਸਿਆ ਜਾਂਦਾ ਹੈ ਕਿ ਪਰਗਟ ਸਿੰਘ ਦੇ ਨਾਲ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ ਸਾਥੀ ਸਨ। ਹਾਲਾਂਕਿ ਪਰਗਟ ਸਿੰਘ ਅਤੇ ਸਮਸ਼ੇਰ ਸਿੰਘ ਦੂਲੋ ਇਸ ਮੀਟਿੰਗ ਨੂੰ ਰਸਮੀ ਮੀਟਿੰਗ ਦੱਸ ਰਹੇ ਹਨ। ਦੂਲੋ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋ ਬੀਮਾਰ ਚੱਲ ਰਹੇ ਸਨ ਅਤੇ ਪਰਗਟ ਸਿੰਘ ਉਹਨਾਂ ਦਾ ਹਾਲਚਾਲ ਪੁੱਛਣ ਆਏ ਸਨ। ਪਰ ਸੂਤਰ ਦੱਸਦੇ ਹਨ ਕਿ ਦੋਵਾਂ ਆਗੂਆਂ ਵਿਚਕਾਰ ਕਾਂਗਰਸ ਦੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ ਹੈ। ਪਰਗਟ ਸਿੰਘ ਨੇ ਦੂਲੋ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਖਾਸ ਕਰਕੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਹਮਖਿਆਲੀ ਸਾਥੀਆਂ ਨੂੰ ਮਿਲਕੇ ਚੱਲਣ ਬਾਰੇ ਚਰਚਾ ਕੀਤੀ ਗਈ ਹੈ। ਹਾਲਾਂਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਪਾਰਟੀ ਵਿਚ ਕੋਈ ਧੜੇਬੰਦੀ ਨਾ ਹੋਣ ਦਾ ਦਾਅਵਾ ਕਰਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਾਰੇ ਆਗੂ ਆਪਣੀ ਆਪਣੀ ਡਫ਼ਲੀ ਵਜਾ ਰਹੇ ਹਨ। ਕਾਂਗਰਸ ਹਲਕਿਆਂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਕੀਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਵਿਜੈ ਇੰਦਰ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾਂ ਆਪੋ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਨ ਲੱਗੇ ਹੋਏ ਹਨ। ਇਸੇ ਤਰ੍ਹਾਂ ਇਨ੍ਹਾਂ ਵਿਚ ਕਈ ਆਗੂ ਅਗਲੀ ਸਰਕਾਰ ਬਣਨ ’ਤੇ ਆਪਣੇ ਆਪਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਵੀ ਦੇਖ ਰਹੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਇਨ੍ਹੀਂ ਦਿਨੀਂ ਰਾਜਨੀਤੀ ਵਿਚ ਜ਼ਿਆਦਾ ਸਰਗਰਮ ਨਹੀਂ ਹਨ, ਪਰ ਉਨ੍ਹਾਂ ਦੀ ਰਾਏ ਲੈਣ ਲਈ ਅਕਸਰ ਵੱਡੀਆਂ ਮੀਟਿੰਗਾਂ ਵਿਚ ਬੁਲਾਇਆ ਜਾਂਦਾ ਹੈ ਅਤੇ ਉਹ ਹਮੇਸ਼ਾ ਕਾਂਗਰਸ ਵਿਚ ਬੇਬਾਕੀ ਨਾਲ ਮੂੰਹ ’ਤੇ ਗੱਲ ਕਹਿਣ ਕਰਕੇ ਜਾਣੇ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵੀ ਦੂਲੋ ਨੇ ਨਸ਼ਿਆਂ ਖਾਸ ਕਰਕੇ ਸ਼ਰਾਬ ਦੀਆਂ ਨਜਾਇਜ਼ ਫੈਕਟਰੀਆਂ ਅਤੇ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਵਿਚ ਹੋਈ ਘਪਲੇ ਦੇ ਮੁੱਦਾ ਬੇਬਾਕੀ ਨਾਲ ਚੁੱਕਿਆ ਸੀ। ਬਕਾਇਦਾ ਇਸਦੀ ਜਾਂਚ ਲਈ ਉਨ੍ਹਾਂ ਤਤਕਾਲੀ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਦੂਲੋ ਨੇ ਅੱਜ ਵੀ ਪਰਗਟ ਸਿੰਘ ਨਾਲ ਪਾਰਟੀ ਦੇ ਅੰਦਰ ਮਾਫ਼ੀਆ ਚਲਾਉਣ ਵਾਲੇ ਆਗੂਆਂ ਦੀ ਗੱਲ ਕੀਤੀ ਹੈ। ਉਨ੍ਹਾਂ ਇਕ ਵਿਸ਼ੇਸ਼ ਆਗੂ ਦਾ ਜ਼ਿਕਰ ਵੀ ਕੀਤਾ ਜਿਸਦੀ ਕੇਂਦਰ ਸਰਕਾਰ ਦੇ ਕੁਝ ਆਗੂਆਂ ਨਾਲ ਵੀ ਸਾਂਝ ਹੋਣ ਦੀਆਂ ਚਰਚਾਵਾਂ ਸਿਖ਼ਰ ’ਤੇ ਹਨ। ਲੁਧਿਆਣਾ ਪੱਛਮੀ ਸੀਟ ਦੀ ਉਪ ਚੋਣ ਮੌਕੇ ਵੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦੋ ਦਰਜਨ ਦੇ ਕਰੀਬ ਵੱਡੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਦੂਲੋ ਦੀ ਪਾਰਟੀ ਹਾਈ ਕਮਾਂਡ ਖਾਸ ਕਰਕੇ ਦਲਿਤ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਗੱਲ ਸੁਣੀ ਜਾਂਦੀ ਹੈ। ਉਹ ਕਾਂਗਰਸ ਵਿਚ ਦਲਿਤਾਂ ਦੇ ਵੱਡੇ ਆਗੂ ਵਜੋਂ ਜਾਣੇ ਜਾਂਦੇ ਹਨ।

Related Articles

Leave a Reply

Your email address will not be published. Required fields are marked *

Back to top button