
ਭਦੌੜ, 23 ਜੁਲਾਈ : ਭਦੌੜ ’ਚ ਮੰਗਲਵਾਰ ਸਵੇਰ ਤੋਂ ਦੁਪਹਿਰ ਤੱਕ ਪਏ ਮੀਂਹ ਨੇ ਪਾਣੀ ਦੇ ਨਿਕਾਸੀ ਦੇ ਢਿੱਲੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਇਸ ਦੇ ਚਲਦਿਆਂ ਸਿਵਲ ਹਸਪਤਾਲ ਭਦੌੜ ਪੂਰੀ ਤਰ੍ਹਾਂ ਡੁੱਬ ਗਿਆ। ਲੋਕਾਂ ’ਚ ਇਹ ਚਰਚਾ ਚਲਦੀ ਰਹੀ ਕਿ ਲੰਬੇ ਸਮੇਂ ਤੋਂ ਚਰਚਾ ’ਚ ਰਹੇ ਹਸਪਤਾਲ ਨੂੰ ਪਹਿਲਾਂ ਡਾਕਟਰਾਂ ਦੀ ਘਾਟ ਨੇ ਡੋਬਿਆ ਤੇ ਹੁਣ ਰੱਬ ਵੱਲੋਂ ਪਾਏ ਮੀਂਹ ਨੇ ਡੋਬ ਕੇ ਰੱਖ ਦਿੱਤਾ ਹੈ। ਸਿਵਲ ਹਸਪਤਾਲ ’ਚ ਵੱਡੀ ਪੱਧਰ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਿੰਡਾਂ ਤੋਂ ਆਏ ਮਰੀਜ਼ ਭਾਰੀ ਮੀਂਹ ਕਾਰਨ ਜਮ੍ਹਾਂ ਹੋਏ ਪਾਣੀ ਕਾਰਨ ਹਸਪਤਾਲ ’ਚ ਐਂਟਰੀ ਨਹੀਂ ਕਰ ਸਕੇ। ਇਸ ਤੋਂ ਇਲਾਵਾ ਕਸਬਾ ਭਦੌੜ ਦੇ ਥਾਣਾ ਰੋਡ ਅਤੇ ਜੈਦ ਮਾਰਕੀਟ ਪੂਰੀ ਤਰ੍ਹਾਂ ਡੁੱਬ ਗਈ। ਦੁਕਾਨਦਾਰ ਆਪਣੀਆਂ ਦੁਕਾਨਾਂ ਚੋਂ ਪਾਣੀ ਕੱਢਦੇ ਦਿਸੇ ਕਿਉਂਕਿ ਜੈਦ ਮਾਰਕੀਟ ਚ ਵੱਡੀ ਪੱਧਰ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਪਾਣੀ ਦੁਕਾਨਾਂ ’ਚ ਵੜ ਗਿਆ। ਦੁਕਾਨਦਾਰ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੂੰ ਕੋਸਦੇ ਨਜ਼ਰ ਆਏ। ਲੋਕਾਂ ਦੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਦੇ ਪ੍ਰਸ਼ਾਸਨ ਯੋਗ ਪ੍ਰਬੰਧ ਕਰੇ ਤਾਂ ਜੋ ਮੀਂਹ ਦੌਰਾਨ ਆ ਰਹੀਆਂ ਦਿੱਕਤਾਂ ਤੋਂ ਲੋਕਾਂ ਨੂੰ ਛੁਟਕਰਾ ਮਿਲ ਸਕੇ।



