Punjab

ਸ਼ਤਾਬਦੀ ਸਮਾਗਮਾਂ ਦਾ ਕਹਿ ਕੇ ਧਰਮ ਪ੍ਰਚਾਰ ਕਮੇਟੀ ਨੇ ਪ੍ਰਚਾਰਕ ਲਏ ਵਾਪਸ : ਬੀਬੀ ਕਿਰਨਜੋਤ ਕੌਰ

ਅੰਮ੍ਰਿਤਸਰ, 23 ਜੁਲਾਈ: ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ਼ਤਾਬਦੀ ਸਮਾਗਮਾਂ ਨੂੰ ਸਿਆਸਤ ਦੀ ਭੇਟ ਚੜ੍ਹਾਉਣ ’ਚ ਲੱਗੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਮੈਂਬਰ ਹਰਜਾਪ ਸਿੰਘ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਖੇਤਰ ’ਚ ਲੋਭ, ਲਾਲਚ, ਅੰਧ ਵਿਸ਼ਵਾਸ ਤੇ ਵਹਿਮ ਭਰਮ ਦਾ ਆਸਰਾ ਲੈ ਕੇ ਰੰਗਰੇਟਾ ਬਿਰਾਦਰੀ ਵਿਚੋਂ ਸਿੱਖੀ ਤੋਂ ਧਰਮ ਪਰਵਰਤਨ ਕਰਾਉਂਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਸ ਦਰਮਿਆਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦੇ 26 ਗੁਰਦੁਆਰਿਆਂ ’ਚ ‘ਗੁਰੂ ਕੇ ਬੇਟਿਆਂ’ ਨਾਲ ਸਾਂਝ ਗੂੜੀ ਕਰਨ ਲਈ ਸੰਪਰਕ ਕੀਤਾ ਤੇ ਸ਼੍ਰੋਮਣੀ ਕਮੇਟੀ ਤੋਂ ਸਹਾਇਤਾ ਦਿੱਤੀ। ਸਥਾਨਕ ਸਿੱਖਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਮੰਗ ’ਤੇ ਸਾਰੇ ਗੁਰਦੁਆਰਿਆਂ ’ਚ ਗੁਰਮਤਿ ਸਮਾਗਮ ਉਲੀਕੇ ਗਏ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਹਿਯੋਗ ਕਰਦਿਆ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਦੀ ਡਿਊਟੀ ਲਗਾ ਦਿੱਤੀ ਪਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਭ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਦੀ ਡਿਊਟੀਆਂ ਰੱਦ ਕਰ ਦਿੱਤੀਆਂ ਗਈਆਂ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਡਿਊਟੀ ਰੱਦ ਕਰਨ ਦਾ ਕਾਰਨ ਸ਼ਤਾਬਦੀਆਂ ’ਚ ਡਿਊਟੀ ਲੱਗਣ ਦਾ ਦੱਸਿਆ ਹੈ ਪਰ ਲੱਗਦਾ ਹੈ ਕਿ ਪ੍ਰੋਗਰਾਮ ਸਿਆਸੀ ਵਿਰੋਧਤਾ ਦੀ ਭੇਟ ਚੜ੍ਹ ਗਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਪਸ਼ਟ ਦੱਸਣਾ ਚਾਹੀਦਾ ਹੈ ਕਿ ਕਿਹੜੀ ਮਜਬੂਰੀ ਤਹਿਤ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਕੀਤੀ ਗਈ? ਜੇ ਤੁਸੀ ਧਰਮ ਪ੍ਰਚਾਰ ’ਚ ਸਹਿਯੋਗ ਨਹੀਂ ਦੇਣਾ ਫੇਰ ਸ਼੍ਰੋਮਣੀ ਕਮੇਟੀ ਨੇ ਕਿਸ ਏਜੰਡੇ ਤੇ ਕੰਮ ਕਰਨਾ ਹੈ?। ਉਨ੍ਹਾਂ ਕਿਹਾ ਕਿ ਅਸੀਂ ਸਾਡੇ ਵਡੇਰਿਆਂ ਦੀ ਕੁਰਬਾਨੀ ਨਾਲ ਬਣੀ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਹੋਂ ਲੱਥਣ ਤੇ ਧਰਮ ਪ੍ਰਚਾਰ ’ਚ ਰੁਕਾਵਟ ਪਾਉਣ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਮੀਰੀ ਪੀਰੀ ਦੇ ਸਿਧਾਂਤ ਨੂੰ ਰੋਲਣ ਦਾ ਵਿਰੋਧ ਕਰਦੇ ਹਾਂ। ਇਸ ਸਬੰਧੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਮੇਸ਼ਾਂ ਹੀ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਤੇ ਅਗਾਂਹ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਕਾਰਨ ਪ੍ਰਚਾਰਕਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ, ਪ੍ਰਚਾਰਕਾਂ ਦਾ ਕੰਮ ਪ੍ਰਚਾਰ ਕਰਨਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਸ਼ਤਾਬਦੀ ਤੋਂ ਬਾਅਦ ਮੈਂਬਰਾਂ ਨੂੰ ਪ੍ਰਚਾਰ ਲਈ ਪ੍ਰਚਾਰਕ ਮੁਹੱਈਆ ਕਰਵਾ ਦਿੱਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button