
ਸੰਗਰੂਰ, 22 ਜੁਲਾਈ : ਪੰਜਾਬ ਲੈਂਡ ਪੂਲਿੰਗ ਪਾਲਸੀ ਅਤੇ ਸਮਾਰਟ ਬਿਜਲੀ ਮੀਟਰ ਨੀਤੀ ਖ਼ਿਲਾਫ਼ ਸੋਮਵਾਰ ਨੂੰ ਸੀਪੀਆਈ (ਐੱਮ) ਪਾਰਟੀ ਵੱਲੋਂ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਦੀ ਅਗਵਾਈ ਵਿਚ ਵਰਕਰਾਂ ਨੇ ਚਮਕ ਭਵਨ ਤੋਂ ਮੁਜਾਹਰਾ ਕੀਤਾ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਸ਼ਹਿਰਾਂ ਦੇ ਨੇੜੇ ਪੈਂਦੇ ਪਿੰਡਾਂ ਦੀ ਕਿਸਾਨੀ ਜ਼ਮੀਨ ਲੈਂਡ ਪੂਲਿੰਗ ਇਕੱਠੀ ਕਰ ਕੇ ਉਸ ਉਪਰ ਸ਼ਹਿਰੀ ਪ੍ਰੋਜੈਕਟ ਬਨਾਉਣ ਦੀ ਨੀਤੀ ਲੈ ਕੇ ਆਈ ਹੈ, ਇਹ ਨੀਤੀ ਕਿਸਾਨ ਵਿਰੋਧੀ ਹੈ। ਪੇਂਡੂ ਵਿਕਾਸ ਨੂੰ ਨਜ਼ਰ ਅੰਦਾਜ਼ ਕਰਨ ਵਾਲੀ ਹੈ। ਭੋਜਨ ਸੁਰੱਖਿਆ, ਵਿਰੋਧੀ ਹੈ, ਵਾਤਾਵਰਨ ਵਿਰੋਧੀ ਹੈ, ਇਸੇ ਨੀਤੀ ਰਾਹੀਂ ਕਿਸਾਨ ਦੀ ਸਲਾਹ ਤੋਂ ਬਿਨਾਂ ਧੱਕੇ ਨਾਲ ਜ਼ਮੀਨ ਖੋਹ ਕੇ ਰੀਅਲ ਅਸਟੇਟ ਤੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਵਾਲੀ ਹੈ। ਸਰਕਾਰ ਜੋ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਨੂੰ ਸ਼ਹਿਰੀ ਵਿਕਾਸ ਦਾ ਹਿੱਸੇਦਾਰ ਬਣਾ ਕੇ ਉਸਨੂੰ ਲਾਭ ਦਿੱਤਾ ਜਾਵੇਗਾ। ਇਸ ਬਾਰੇ ਵੀ ਇਹ ਨੀਤੀ ਪੂਰੀ ਤਰ੍ਹਾਂ ਅਸਪੱਸ਼ਟ ਹੈ। ਇਸ ਨੀਤੀ ਵਿਚ ਕਿਤੇ ਵੀ ਕਾਨੂੰਨੀ ਗਰੰਟੀ ਨਹੀਂ ਹੈ। ਇਕ ਵਾਰ ਕਿਸਾਨ ਦੀ ਜ਼ਮੀਨ ਹਥਿਆਉਣ ਉਪਰੰਤ ਕਿਸਾਨ ਦੀ ਹਾਲਤ ਬੇਵਸੀ ਵਾਲੀ ਹੋ ਜਾਵੇਗੀ, ਇਸ ਲਈ ਇਹ ਨੀਤੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਉੱਪਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਵਾਨਗੀ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਸਮੁੱਚੇ ਵਰਗਾਂ ਦੇ ਖਪਤਕਾਰਾਂ ਲਈ ਸਮਾਰਟ ਮੀਟਰ ਪ੍ਰਣਾਲੀ ਲਾਗੂ ਕਰ ਰਹੀ ਹੈ। ਇਸ ਪ੍ਰਣਾਲੀ ਰਾਹੀਂ 8000 ਰੁਪਏ ਤੋਂ ਲੈ ਕੇ 12 ਹਜ਼ਾਰ ਰੁਪਏ ਪ੍ਰਤੀ ਸਮਾਰਟ ਮੀਟਰ ਦਾ ਖਰਚਾ ਬਿਜਲੀ ਲਾਗਤ ’ਚ ਜਮ੍ਹਾਂ ਕਰ ਕੇ ਖਪਤਕਾਰਾਂ ਤੋਂ ਮਹਿੰਗੇ ਬਿਲਾਂ ਰਾਹੀਂ ਉਗਰਾਹਿਆ ਜਾਣਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਜੋ ਇਕ ਸਰਕਾਰੀ ਬਿਜਲੀ ਵੰਡ ਕੰਪਨੀ ਹੈ। ਇਸ ਦੇ ਨਿੱਜੀਕਰਨ ਵਾਸਤੇ ਹੀ ਇਹ ਨੀਤੀ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਗਰੀਬ, ਕਿਸਾਨਾਂ, ਮਜ਼ਦੂਰਾਂ ਨੂੰ ਜੋ ਕਰਾਸ ਸਬਸਿਡੀ ਰਾਹੀਂ ਰਾਹਤ ਦਿੱਤੀ ਜਾਂਦੀ ਹੈ, ਉਹ ਖੋਹਣ ਵਾਸਤੇ ਇਹ ਨੀਤੀ ਬਣਾਈ ਗਈ ਹੈ। ਇਸ ਲਈ ਇਹ ਨੀਤੀ ਵਾਪਸ ਲਈ ਜਾਵੇ। ਇਸ ਮੌਕੇ ਕਾਮਰੇਡ ਜੋਗਾ ਸਿੰਘ ਉਪੱਲੀ, ਹਰਬੰਸ ਸਿੰਘ ਨਮੋਲ, ਜੋਗਿੰਦਰ ਸਿੰਘ ਵੱਧਣ, ਹੰਗੀ ਖਾਂ, ਸਤਿੰਦਰ ਪਾਲ ਸਿੰਘ, ਅਮਰਜੀਤ ਕੌਰ ਨਗਲਾ, ਡਾ. ਕਾਮਰੇਡ ਵਰਿੰਦਰ ਕੌਸਿਕ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਪਰਮਜੀਤ ਕੌਰ ਭੱਟੀਵਾਲ, ਗੁਰਮੀਤ ਸਿੰਘ ਬਲਿਆਲ, ਨਛੱਤਰ ਸਿੰਘ ਗੰਢੂਆਂ, ਇੰਦਰਜੀਤ ਸਿੰਘ ਛੰਨਾ, ਅਜੈਬ ਸਿੰਘ ,ਗੁਰਸੇਵਕ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਨੂਰਪੁਰਾ, ਅਜਮੇਰ ਸਿੰਘ, ਬੱਲਮ ਸਿੰਘ, ਜੀਤ ਸਿੰਘ ਘਰਾਚੋ, ਸ਼ਿੰਗਾਰਾ ਸਿੰਘ ਬਲਿਆਲ, ਗੁਰਦਿਆਲ ਕਾਂਝਲਾ, ਰਣਜੀਤ ਸਿੰਘ, ਅਜੈਬ ਸਿੰਘ ਮੌਜੂਦ ਸਨ।



