ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਬੰਦ ਗੈਂਗਸਟਰ ਨੇ ਕੀਤਾ ਝਗੜਾ, ਕਰਮਚਾਰੀ ਨਾਲ ਵੀ ਕੀਤੀ ਧੱਕਾ-ਮੁੱਕੀ, ਕੇਸ ਦਰਜ

ਸ੍ਰੀ ਗੋਇੰਦਵਾਲ ਸਾਹਿਬ, 22 ਜੁਲਾਈ : ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਗੈਂਗਸਟਰ ਵੱਲੋਂ ਲੰਗਰ ਦੀ ਵੰਡ ਦੌਰਾਨ ਇਕ ਕੈਦੀ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਡਿਊਟੀ ਕਰ ਰਹੇ ਜੇਲ੍ਹ ਦੇ ਸੁਰੱਖਿਆ ਕਰਮਚਾਰੀ ਦੀ ਵਰਦੀ ਨੂੰ ਵੀ ਹੱਥ ਪਾ ਲਿਆ ਤੇ ਉਸ ਨਾਲ ਧੱਕਾ ਮੁੱਕੀ ਕੀਤੀ। ਜਿਸਦੇ ਚੱਲਦਿਆਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਗੈਂਗਸਟਰ ਖਿਲਾਫ ਕੇਸ ਦਰਜ ਕਰ ਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਜਾਰੀ ਕੀਤੇ ਪੱਤਰ ਮੁਤਾਬਿਕ ਗੈਂਗਸਟਰ ਗੁਰਕੀਰਤ ਸਿੰਘ ਘੁੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਸ਼ੇਰੋਂ ਜੋ ਅਸਲ੍ਹ, ਐਕਸਪਲੋਜ਼ਿਵ ਅਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਸੁਰੱਖਿਆ ਵਾਰਡ ਨੰਬਰ ਤਿੰਨ ਵਿਚ ਬੰਦ ਹੈ। ਇਸ ਬੈਰਕ ਵਿਚ ਖਾਣਾ ਖਾਣ ਆਏ ਬੈਰਕ ਨੰਬਰ 1 ਦੇ ਕੈਦੀ ਓਮ ਪ੍ਰਕਾਸ਼ ਰੂਪ ਚੰਦ ਨਾਲ ਲੰਗਰ ਦੀ ਵੰਡ ਨੂੰ ਲੈ ਕੇ ਹਮਲਾ ਕਰ ਦਿੱਤਾ ਅਤੇ ਡਿਊਟੀ ਕਰ ਰਹੇ ਕਰਮਚਾਰੀ ਅਜੈਬ ਸਿੰਘ ਬਟਾਲੀਅਨ ਕਮਾਂਡੋ ਦੀ ਵਰਦੀ ਨੂੰ ਹੱਥ ਪਾਇਆ ਅਤੇ ਧੱਕਾ ਮੁੱਕੀ ਕੀਤੀ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ ਨੂੰ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਇਸ ਕੇਸ ਦੀ ਅਗਲੀ ਜਾਂਚ ਏਐੱਸਆਈ ਮੇਜਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



