
ਫਿਲੌਰ, 21 ਜੁਲਾਈ : ਸਮਾਜ ਸੇਵਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਗੈਂਗਸਟਰਾਂ ਨੇ ਪਿਛਲੇ ਹਫ਼ਤੇ ਉਸਨੂੰ ਮਾਰਨ ਦੇ ਇਰਾਦੇ ਨਾਲ ਸੜਕ ਤੇ ਘੇਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਮਾਜ ਸੇਵਕ ਭੱਜਣ ’ਚ ਕਾਮਯਾਬ ਹੋ ਗਿਆ ਤਾਂ ਗੈਂਗਸਟਰਾਂ ਨੇ ਉਸਦੀ ਕਾਰ ਤੇ ਗੋਲੀਆਂ ਚਲਾਈਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਸਥਾਨਕ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਹੈ। ਪੁਲਿਸ ਵੀ ਸਿਰਫ਼ ਕੇਸ ਦਰਜ ਕਰਨ ਤੋਂ ਬਾਅਦ ਹੁਣ ਵਿਹਲੀ ਬੈਠੀ ਹੈ ਤੇ ਗੈਂਗਸਟਰਾਂ ਦੀ ਅਗਲੀ ਕਾਰਵਾਈ ਦੀ ਉਡੀਕ ਕਰ ਰਹੀ ਹੈ। ਅੱਜ ਸਮਾਜ ਸੇਵਕ, ਜਿਸਦਾ ਨਾਮ ਸੁਰੱਖਿਆ ਕਾਰਨਾਂ ਕਰ ਕੇ ਗੁਪਤ ਰੱਖਿਆ ਗਿਆ ਹੈ, ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਇਕ ਪੱਤਰ ਲਿਖ ਕੇ ਦੱਸਿਆ ਕਿ ਉਸਨੇ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੇ ਤਸਕਰਾਂ ਦਾ ਪਰਦਾਫਾਸ਼ ਕੀਤਾ ਹੈ। ਜਿਸ ’ਚ ਪੁਲਿਸ ਨੇ ਕੇਸ ਦਰਜ ਕੀਤੇ ਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਲਈ ਸੀਬੀਆਈ ਜਾਂਚ ਲਈ ਪੰਜਾਬ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ। ਜਿਸ ਤੋਂ ਬਾਅਦ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਕੁਝ ਮਹੀਨੇ ਪਹਿਲਾਂ ਗੈਂਗਸਟਰ ਉਸਦੇ ਘਰ ਦੇ ਬਾਹਰ ਸੀਆਈਡੀ ਅਫਸਰ ਬਣ ਕੇ ਉਸਨੂੰ ਮਾਰਨ ਲਈ ਆਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਘਰ ਨਹੀਂ ਹੈ ਤਾਂ ਉਹ ਵਾਪਸ ਚਲੇ ਗਏ। ਗੈਂਗਸਟਰਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਤੋਂ ਬਾਅਦ ਬਿਸ਼ਨੋਈ ਗੈਂਗ ਦੇ ਨਾਮ ਤੇ ਇਕ ਧਮਕੀ ਭਰਿਆ ਕੋਰੀਅਰ ਸਮਾਜ ਸੇਵਕ ਦੇ ਘਰ ਪਹੁੰਚਦਾ ਹੈ ਜਿਸ ’ਚ ਏਕੇ 47 ਵਰਗੇ ਹਥਿਆਰਾਂ ਦੇ ਜ਼ਿੰਦਾ ਕਾਰਤੂਸ ਦੇ ਨਾਲ ਇਕ ਧਮਕੀ ਭਰਿਆ ਪੱਤਰ ਵੀ ਭੇਜਿਆ ਜਾਂਦਾ ਹੈ। ਜਦੋਂ ਸਥਾਨਕ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ ਸੀਸੀਟੀਵੀ ਕੈਮਰੇ ’ਚ ਬਿਸ਼ਨੋਈ ਗੈਂਗ ਦੇ ਹਮਲਾਵਰਾਂ ’ਚੋਂ ਇਕ ਦੀ ਪਛਾਣ ਵੀ ਹੋ ਗਈ। ਸਭ ਕੁਝ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ ਤੇ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਕੇਸ ਦਰਜ ਕਰ ਲਿਆ। ਹੁਣ ਸਥਿਤੀ ਇਹ ਬਣ ਗਈ ਹੈ ਕਿ ਸਮਾਜ ਸੇਵਕ ਨੂੰ ਆਸਿਫ਼ ਭੱਟੀ ਦੇ ਨਾਮ ਤੇ ਰਜਿਸਟਰਡ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਧਮਕੀ ਭਰੇ ਕਾਲ ਆਉਂਦੇ ਹਨ ਤੇ ਪਿਛਲੇ ਹਫ਼ਤੇ ਜਦੋਂ ਸਮਾਜ ਸੇਵਕ ਆਪਣੀ ਕਾਰ ’ਚ ਜਲੰਧਰ ਤੋਂ ਫਿਲੌਰ ਘਰ ਜਾ ਰਿਹਾ ਸੀ, ਤਾਂ ਇਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਨੇ ਰਾਸ਼ਟਰੀ ਰਾਜਮਾਰਗ ਤੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਆਪਣੀ ਮੋਟਰਸਾਈਕਲ ਰੋਕ ਕੇ ਉਸਦੀ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ। ਜਦੋਂ ਉਸਨੇ ਕਾਰ ਨਹੀਂ ਰੋਕੀ ਤਾਂ ਪਿੱਛੇ ਬੈਠੇ ਹਮਲਾਵਰ ਨੇ ਪਿਸਤੌਲ ਕੱਢ ਕੇ ਕਾਰ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਨਾਲ ਕਾਰ ਦਾ ਸ਼ੀਸ਼ਾ ਪਾੜ ਗਿਆ ਤੇ ਅੰਦਰ ਆ ਗਿਆ। ਇਸ ਹਮਲੇ ’ਚ ਸਮਾਜ ਸੇਵਕ ਵਾਲ-ਵਾਲ ਬਚ ਗਿਆ। ਪੁਲਿਸ ਨੇ ਕਾਰ ’ਚੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਤੇ ਦੋ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕੀਤਾ ਤੇ ਹੁਣ ਦੁਬਾਰਾ ਇਹ ਜਾਣਨ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਹਮਲਾਵਰ ਅਗਲਾ ਹਮਲਾ ਕਦੋਂ ਕਰਨਗੇ। ਸਮਾਜ ਸੇਵਕ ਨੇ ਪੁਲਿਸ ਦੀ ਇਸ ਢਿੱਲੀ ਕਾਰਵਾਈ ਬਾਰੇ ਡੀਜੀਪੀ ਨੂੰ ਸ਼ਿਕਾਇਤ ਕੀਤੀ। ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕਰਦਿਆਂ ਉਸਨੇ ਇਹ ਵੀ ਦੱਸਿਆ ਕਿ ਉਹ ਇਕੱਲਾ ਗੈਂਗਸਟਰਾਂ ਦਾ ਨਿਸ਼ਾਨਾ ਨਹੀਂ ਹੈ ਤੇ ਗੈਂਗਸਟਰ ਸਥਾਨਕ ਵੱਡੇ ਕਾਰੋਬਾਰੀਆਂ ਨੂੰ ਵੀ ਫ਼ੋਨ ਕਰ ਰਹੇ ਹਨ ਤੇ ਉਨ੍ਹਾਂ ਤੋਂ ਫਿਰੌਤੀ ਮੰਗ ਰਹੇ ਹਨ।



