
ਜਲੰਧਰ, 20 ਜੁਲਾਈ : ਚੋਰਾਂ ਨੇ ਸ਼ੁੱਕਰਵਾਰ ਦੇਰ ਰਾਤ ਤਿੰਨ ਸਾਲਾਂ ਤੋਂ ਬਿਨਾਂ ਸੁਰੱਖਿਆ ਗਾਰਡ ਵਾਲੇ ਸਟੇਟ ਬੈਂਕ ਆਫ ਇੰਡੀਆ ਦੇ ਲੱਧੇਵਾਲੀ ਫਲਾਈਓਵਰ ਨੇੜੇ ਸਥਿਤ ਏਟੀਐੱਮ ਨੂੰ ਨਿਸ਼ਾਨਾ ਬਣਾਇਆ। ਰਾਤ ਲਗਪਗ ਇਕ ਵਜੇ ਚਿੱਟੇ ਰੰਗ ਦੀ ਕਾਰ ਵਿਚ ਆਏ ਚਾਰ ਚੋਰ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿਚੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਏਟੀਐੱਮ ਵਿਚ 45 ਲੱਖ ਰੁਪਏ ਹੋਣ ਦੀ ਚਰਚਾ ਹੈ ਪਰ ਬੈਂਕ ਅਧਿਕਾਰੀਆਂ ਵੱਲੋਂ ਹਾਲੇ ਤੱਕ ਚੋਰੀ ਹੋਈ ਨਕਦੀ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਗਈ। ਪੁਲਿਸ ਨੇ ਘਟਨਾ ਸਥਾਨ ਨੇੜੇ ਇਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਏਟੀਐੇੱਮ ’ਚੋਂ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੇ ਸ਼ਹਿਰ ਵਿਚ ਪੁਲਿਸ ਦੀ ਪੈਟਰੋਲਿੰਗ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਧਣ ਲੱਗੀਆਂ ਹਨ। ਸੀਸੀਟੀਵੀਚ ਕੈਦ ਹੋਈ ਘਟਨਾ ਅਨੁਸਾਰ ਚੋਰ ਚਿੱਟੇ ਰੰਗ ਦੀ ਕਾਰ ਵਿਚ ਆਏ। ਉਨ੍ਹਾਂ ਨੇ ਸੱਬਲ ਨਾਲ ਸ਼ਟਰ ਨੂੰ ਪੁੱਟਿਆ ਅਤੇ ਅੰਦਰ ਵੜ ਗਏ। ਏਟੀਐੱਮ ਕੈਬਿਨ ਵਿਚ ਵੜਦੇ ਹੀ ਚੋਰਾਂ ਨੇ ਸਭ ਤੋਂ ਪਹਿਲਾਂ ਮਸ਼ੀਨ ਤੇ ਕੈਬਿਨ ਵਿਚ ਲੱਗੇ ਕੈਮਰੇ ’ਤੇ ਕਾਲੇ ਰੰਗ ਦਾ ਸਪ੍ਰੇਅ ਕਰ ਦਿੱਤਾ। ਇਸ ਤੋਂ ਬਾਅਦ ਗੈਸ ਕਟਰ ਨਾਲ ਜਿੱਥੇ ਨਕਦੀ ਰੱਖੀ ਜਾਂਦੀ ਹੈ, ਮਸ਼ੀਨ ਨਾਲ ਉਸ ਹਿੱਸੇ ਨੂੰ ਕੱਟਿਆਅਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਸ਼ਨਿਚਰਵਾਰ ਸਵੇਰੇ ਲਗਪਗ ਨੌਂ ਵਜੇ ਉਦੋਂ ਲੱਗਾ ਜਦੋਂ ਆਸ-ਪਾਸ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਪੁੱਜੇ। ਉਨ੍ਹਾਂ ਦੇਖਿਆ ਕਿ ਏਟੀਐੱਮ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰ ਮਸ਼ੀਨ ਵੀ ਟੁੱਟੀ ਹੋਈ ਸੀ।



