Punjab

ਆਪ ਦਿੱਲੀ ਤੋਂ ਪੰਜਾਬ ਤੱਕ ਭ੍ਰਿਸ਼ਟਾਚਾਰ ‘ਚ ਡੁੱਬੀ, ਬ੍ਰਹਮਪੁਰਾ ਨੇ 18 ਕਰੋੜ ਦੇ ਗਬਨ ‘ਤੇ ਚੁੱਕੇ ਸਵਾਲ; ਕਿਹਾ- ਪੰਜਾਬ ਦੇ ਲੋਕਾਂ ਦਾ ਪੈਸਾ ਕਿੱਥੇ ਜਾ ਰਿਹਾ ਹੈ?

ਤਰਨਤਾਰਨ, 20 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਮ ਆਦਮੀ ਪਾਰਟੀ ”ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਪ ਦਾ ਕਥਿਤ ਇਮਾਨਦਾਰੀ ਦਾ ਮਖੌਟਾ ਪੂਰੀ ਤਰ੍ਹਾਂ ਲੱਥ ਚੁੱਕਾ ਹੈ ਅਤੇ ਇਹ ਪਾਰਟੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਭ੍ਰਿਸ਼ਟਾਚਾਰ ਦੇ ਡੂੰਘੇ ਦਲਦਲ ਵਿਚ ਧਸੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਵਿਚ ਆਪ ਦੇ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਰੋਜ਼ ਸਾਹਮਣੇ ਆ ਰਹੇ ਹਨ, ਉੱਥੇ ਹੀ ਪੰਜਾਬ ਵਿਚ, ਖਾਸ ਕਰਕੇ ਹਲਕਾ ਖਡੂਰ ਸਾਹਿਬ ਵਿਚ ਵੀ ਆਪ ਆਗੂਆਂ ਦੀ ਸਰਪ੍ਰਸਤੀ ਹੇਠ ਕਰੋੜਾਂ ਰੁਪਏ ਦਾ ਕਥਿਤ ਤੌਰ ’ਤੇ ਗਬਨ ਕੀਤਾ ਜਾ ਰਿਹਾ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਤਰਨਤਾਰਨ ਦੇ ਬਲਾਕਾਂ ਵਿਚ 18 ਕਰੋੜ ਰੁਪਏ ਦੇ ਵਿਕਾਸ ਫੰਡਾਂ ਵਿਚ ਹੋਏ ਕਥਿਤ ਗਬਨ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਵਿਕਾਸ ਲਈ ਪੈਸਾ ਆਇਆ ਸੀ, ਉਸਨੂੰ ਆਪ ਦੇ ਇਕ ਆਗੂ ਦੇ ਭਰਾ ਦੀ ਕੰਪਨੀ ਨਾਲ ਮਿਲ ਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਸਕੱਤਰਾਂ ”ਤੇ ਕਾਰਵਾਈ ਦੀ ਸਿਫ਼ਾਰਸ਼ ਤਾਂ ਹੋ ਰਹੀ ਹੈ, ਪਰ ਅਸਲ ਗੁਨਾਹਗਾਰ, ਜੋ ਸਿਆਸੀ ਸਰਪ੍ਰਸਤੀ ਹੇਠ ਇਹ ਸਭ ਕਰਵਾ ਰਹੇ ਹਨ, ਉਹਨਾਂ ”ਤੇ ਪਰਦਾ ਪਾਇਆ ਜਾ ਰਿਹਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਆਪ ਦੇ ਦਿੱਲੀ ਮਾਡਲ ਦਾ ਅਸਲੀ ਚਿਹਰਾ ਹੈ, ਜਿਸਦੀ ਪੋਲ ਹੁਣ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ। ਦਿੱਲੀ ਵਿਚ ਆਪ ਸਰਕਾਰ ਨੇ ਡਾ. ਬੀਆਰ ਅੰਬੇਡਕਰ ਦੇ ਨਾਂ ”ਤੇ ਬਣੀ ”ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ” ਵਿਚ 15 ਕਰੋੜ ਦੇ ਬਜਟ ਦੇ ਬਦਲੇ 145 ਕਰੋੜ ਰੁਪਏ ਦੇ ਫਰਜ਼ੀ ਬਿੱਲ ਪਾਸ ਕਰਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਕੀਤਾ। ਇਸੇ ਤਰ੍ਹਾਂ, ਦੇਸ਼ ਨੇ ਕਰੋੜਾਂ ਰੁਪਏ ਦਾ ਮਸ਼ਹੂਰ ਸ਼ਰਾਬ ਘੁਟਾਲਾ ਵੀ ਦੇਖਿਆ, ਜਿਸ ਵਿੱਚ ਆਪ ਦੇ ਸਿਖਰਲੇ ਆਗੂ ਸ਼ਾਮਲ ਹਨ। ਇਸ ਤੋਂ ਇਲਾਵਾ, ਹਸਪਤਾਲਾਂ ਦੇ ਨਿਰਮਾਣ ਅਤੇ ਸੀਸੀਟੀਵੀ ਕੈਮਰਿਆਂ ਵਰਗੇ ਪ੍ਰੋਜੈਕਟਾਂ ਵਿਚ ਵੀ ਹਜ਼ਾਰਾਂ ਕਰੋੜਾਂ ਦੇ ਘੁਟਾਲਿਆਂ ਦੀ ਜਾਂਚ ਈਡੀ ਵਰਗੀਆਂ ਏਜੰਸੀਆਂ ਕਰ ਰਹੀਆਂ ਹਨ। ਬ੍ਰਹਮਪੁਰਾ ਨੇ ਅੰਤ ਵਿਚ ਕਿਹਾ, ਆਮ ਆਦਮੀ ਦੇ ਨਾਂ ”ਤੇ ਸੱਤਾ ’ਚ ਆਈ ਇਹ ਪਾਰਟੀ ਅਸਲ ਵਿਚ ”ਖਾਸ ਲੁੱਟ” ਕਰਨ ਵਿਚ ਮਾਹਿਰ ਹੋ ਗਈ ਹੈ। ਇਹ ਲੋਕਾਂ ਦੇ ਪੈਸੇ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਲੁੱਟ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਕੇਂਦਰੀ ਏਜੰਸੀਆਂ ਆਪ ਸਰਕਾਰ ਦੀਆਂ ਕਥਿਤ ਬੇਨਿਯਮੀਆਂ ਅਤੇ ਘੁਟਾਲਿਆਂ ਦੀ ਪਰਤ ਦਰ ਪਰਤ ਜਾਂਚ ਕਰ ਰਹੀਆਂ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਹੋ ਰਹੇ ਇਨ੍ਹਾਂ ਘੁਟਾਲਿਆਂ, ਖਾਸ ਕਰਕੇ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਇਸ 18 ਕਰੋੜ ਦੇ ਗਬਨ ਦੀ ਵੀ ਉੱਚ-ਪੱਧਰੀ ਨਿਰਪੱਖ ਜਾਂਚ ਹੋਵੇ, ਤਾਂ ਜੋ ਸਿਆਸੀ ਸਰਪ੍ਰਸਤੀ ਦੇਣ ਵਾਲੇ ਵੱਡੇ ਚਿਹਰੇ ਬੇਨਕਾਬ ਹੋ ਸਕਣ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਇਸ ਲੁੱਟ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸਦੇ ਖਿਲਾਫ਼ ਹਰ ਪੱਧਰ ”ਤੇ ਆਵਾਜ਼ ਬੁਲੰਦ ਕਰੇਗਾ।

Related Articles

Leave a Reply

Your email address will not be published. Required fields are marked *

Back to top button