
ਜ਼ੀਰਾ, 18 ਜੁਲਾਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਪੰਚਾਇਤੀ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਫਲਤਾਪੂਰਵਕ ਦਾਖਲ ਕਰਵਾਏ। ਇਸ ਦੌਰਾਨ ਉਨ੍ਹਾਂ ਨੇ ਹਾਕਮ ਧਿਰ ਵੱਲੋਂ ਪੈਦਾ ਕੀਤੀਆਂ ਰੁਕਾਵਟਾਂ ਦੇ ਬਾਵਜੂਦ ਹੌਸਲਾ ਦਿਖਾਇਆ। ਐਡਵੋਕੇਟ ਅਮਰੀਕ ਸਿੰਘ ਦੀ ਮੌਜ਼ੂਦਗੀ ਵਿਚ ਜੌੜਾ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕੀਤਾ ਜਾਂਦਾ ਹੈ, ਤਾਂ ਉਹ ਅਦਾਲਤੀ ਲੜਾਈ ਲੜਨਗੇ ਅਤੇ ਸਾਰਾ ਖਰਚਾ ਆਪਣੇ ਜ਼ਿੰਮੇ ਲੈਣਗੇ। ਜੌੜਾ ਨੇ ਦੱਸਿਆ ਕਿ ਹਾਕਮ ਧਿਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਾਂਗਰਸ ਇਸ ਦਾ ਡਟ ਕੇ ਮੁਕਾਬਲਾ ਕਰੇਗੀ।ਅਸੀਂ ਲੋਕਤੰਤਰ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁਕਾਵਾਂਗੇ, ਐਡਵੋਕੇਟ ਅਮਰੀਕ ਸਿੰਘ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਈ ਵੀ ਉਮੀਦਵਾਰ ਅਨਿਆਂ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ। ਸਥਾਨਕ ਕਾਂਗਰਸ ਕਾਰਕੁਨਾਂ ਨੇ ਜੌੜਾ ਦੀ ਅਗਵਾਈ ਵਿਚ ਪੰਚਾਇਤੀ ਚੋਣਾਂ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ਦੀ ਏਕਤਾ ਅਤੇ ਲੋਕਤੰਤਰ ਪ੍ਰਤੀ ਵਚਨਬੱਧਤਾ ਸਾਫ਼ ਦਿਖਾਈ ਦਿੱਤੀ। ਜੌੜਾ ਨੇ ਕਿਹਾ ਕਿ ਜੇਕਰ ਹੋਰ ਵੀ ਉਮੀਦਵਾਰ ਨਾਮਜ਼ਦਗੀ ਦਾਖਲ ਕਰਵਾਉਣਾ ਚਾਹੁੰਦੇ ਹਨ, ਤਾਂ ਪਾਰਟੀ ਉਨ੍ਹਾਂ ਦਾ ਪੂਰਾ ਸਮਰਥਨ ਕਰੇਗੀ।



