Punjab
ਖੁਦ ਨੂੰ CBI ਦੇ ਅਧਿਕਾਰੀ ਦੱਸ ਕੇ ਵੈਟਨਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲ ਕੀਤੀ 20 ਲੱਖ ਦੀ ਧੋਖਾਧੜੀ, ਮੁਕੱਦਮਾ ਦਰਜ

ਲੁਧਿਆਣਾ, 18 ਜੁਲਾਈ : ਖੁਦ ਨੂੰ ਆਈਪੀਐਸ ਅਧਿਕਾਰੀ ਅਤੇ ਸੀਬੀਆਈ ਦੇ ਅਫਸਰ ਕਹਿਣ ਵਾਲੇ ਠੱਗਾਂ ਨੇ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਪ੍ਰੋਫੈਸਰ ਡੀਐਸ ਮਲਿਕ ਬਦਮਾਸ਼ਾਂ ਦੇ ਚੰਗੁਲ ‘ਚ ਇਸ ਕਦਰ ਫਸੇ ਕਿ ਉਨ੍ਹਾਂ ਨੇ ਮੁਲਜਮਾਂ ਵੱਲੋਂ ਦੱਸੇ ਗਏ ਖਾਤਿਆਂ ਵਿੱਚ 20 ਲੱਖ ਰੁਪਏ ਦੀ ਨਕਦੀ ਟ੍ਰਾਂਸਫਰ ਕਰ ਦਿੱਤੀ। ਜਾਣਕਾਰੀ ਮੁਤਾਬਕ ਡਾਕਟਰ ਡੀਐਸ ਮਲਿਕ ਆਪਣੇ ਘਰ ਵਿੱਚ ਮੌਜੂਦ ਸਨ, ਇਸੇ ਦੌਰਾਨ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ਆਉਣੇ ਸ਼ੁਰੂ ਹੋਏ। ਮੁਲਜਮਾਂ ਨੇ ਪ੍ਰੋਫੈਸਰ ਨੂੰ ਇੱਕ ਮਨਘੜਤ ਮਾਮਲੇ ਵਿੱਚ ਗ੍ਰਿਫਤਾਰੀ ਦਾ ਡਰ ਦਿਖਾਇਆ। ਮੁਲਜਮਾਂ ਨੇ ਡਾਕਟਰ ਮਲਿਕ ਨੂੰ ਇਸ ਕਦਰ ਡਰਾ ਦਿੱਤਾ ਕਿ ਉਨ੍ਹਾਂ ਨੇ ਠੱਗਾਂ ਦੇ ਖਾਤੇ ਵਿੱਚ 20 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕਰ ਦਿੱਤੀ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਡਾਕਟਰ ਡੀਐਸ ਮਲਿਕ ਦੀ ਸ਼ਿਕਾਇਤ ਤੇ ਅਣਪਛਾਤੇ ਠੱਗਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।



