
ਮੋਗਾ, 17 ਜੁਲਾਈ : ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਗੱਟੀ ਜੱਟਾ ਵਿਖੇ ਇਕ ਵਿਅਕਤੀ ਨੇ ਰੰਜਿਸ਼ ਦੇ ਚੱਲਦਿਆਂ ਆਪਣੇ ਭਰਾ, ਭਰਜਾਈ ਅਤੇ ਭਤੀਜੀ ਨੂੰ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਆਪਣੀ ਬਰੀਜਾ ਗੱਡੀ ਪੂਰੇ ਪਰਿਵਾਰ ’ਤੇ ਚੜ੍ਹਾ ਦਿੱਤੀ। ਇਸ ਘਟਨਾ ’ਚ ਤਿੰਨੋਂ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਬਿਆਨ ਲੈ ਕੇ ਗੱਡੀ ਚੜ੍ਹਾਉਣ ਦੇ ਦੋਸ਼ ’ਚ ਵਿਅਕਤੀ ਅਤੇ ਉਸ ਦੀ ਪਤਨੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਗੱਟੀ ਜੱਟਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਦਿਆਂ ਕਿਹਾ ਕਿ ਉਹ ਅਤੇ ਉਸ ਦਾ ਛੋਟਾ ਭਰਾ ਦਿਲਬਾਗ ਸਿੰਘ ਵੱਖ ਵੱਖ ਰਹਿੰਦੇ ਹਨ ਅਤੇ ਉਸ ਦਾ ਪਿਤਾ ਸੁਰਜੀਤ ਸਿੰਘ ਉਸ ਕੋਲ ਰਹਿੰਦਾ ਹੈ ਜਿਸ ਕਰਕੇ ਉਸ ਦਾ ਭਰਾ ਦਿਲਬਾਗ ਸਿੰਘ ਉਸ ਨਾਲ ਰੰਜਿਸ਼ ਰੱਖਦਾ ਹੈ। ਉਸ ਨੇ ਕਿਹਾ ਕਿ 14 ਜੁਲਾਈ ਦੀ ਸਵੇਰੇ 10 ਵਜੇ ਦੇ ਕਰੀਬ ਉਹ ਅਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਅਤੇ ਲੜਕੀ ਮੁਸਕਾਨਜੀਤ ਕੌਰ ਗਲੀ ’ਚ ਖੜ੍ਹੇ ਸਨ ਤਾਂ ਇਸ ਦੌਰਾਨ ਉਸ ਦੇ ਭਰਾ ਦਿਲਬਾਗ ਸਿੰਘ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ ਬਰੀਜਾ ਗੱਡੀ ਨੂੰ ਉਸ ਤੇ ਅਤੇ ਉਸ ਦੇ ਪਰਿਵਾਰ ’ਤੇ ਚੜ੍ਹਾ ਦਿੱਤਾ। ਇਸ ਘਟਨਾ ’ਚ ਉਹ, ਉਸ ਦੀ ਪਤਨੀ ਸਿਮਰਨਜੀਤ ਕੌਰ ਅਤੇ ਲੜਕੀ ਮੁਸਕਾਨਜੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ। ਪੁਲਿਸ ਨੇ ਜ਼ਖ਼ਮੀ ਵਿਅਕਤੀ ਬਲਵਿੰਦਰ ਸਿੰਘ ਦੇ ਬਿਆਨ ਲੈ ਕੇ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਰਮਨਜੀਤ ਕੌਰ ਵਾਸੀ ਪਿੰਡ ਗੱਟੀ ਜੱਟਾ ਦੇ ਖਿਲਾਫ਼ ਕਥਿਤ ਤੌਰ ’ਤੇ ਇਰਾਦਾ ਹੱਤਿਆ ਦੀਆਂ ਧਾਰਾਵਾਂ ਤਹਿਤ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਿਲਬਾਗ ਸਿੰਘ ਵਕੀਲ ਹੈ।



