
ਦੀਨਾਨਗਰ, 16 ਜੁਲਾਈ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਉਸਾਰੇ ਗਏ ਨਸ਼ਾ ਤਸਕਰ ਪਤੀ ਪਤਨੀ ਦੇ ਘਰ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ ਬੁਲਡੋਜ਼ਰ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਨੇ ਪੁਲਿਸ ਨੂੰ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਪਿੰਡ ਡੀਡਾ ਸਾਂਸੀਆਂ ਵਿਖੇ ਰਾਜਨ ਕੁਮਾਰ ਉਰਫ ਲਾਡੀ ਪੁੱਤਰ ਜਰਨੈਲ ਚੰਦ ਨੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਅਧਾਰ ‘ਤੇ ਪੁਲਿਸ ਅੱਜ ਜਲ ਸਰੋਤ ਵਿਭਾਗ ਦੀ ਟੀਮ ਦੇ ਨਾਲ ਮੌਕੇ ਤੇ ਪੁੱਜੀ ਹੈ ਅਤੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨ ਵਾਲੇ ਰਾਜਨ ਕੁਮਾਰ ਉਰਫ ਲਾਡੀ ਵੱਲੋਂ ਜਲ ਸਰੋਤ ਵਿਭਾਗ ਦੀ ਜ਼ਮੀਨ ਉੱਪਰ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਤੋੜਿਆ ਗਿਆ ਹੈ। ਡੀਐੱਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਰਾਜਨ ਕੁਮਾਰ ਉਰਫ ਲਾਡੀ ਅਤੇ ਉਸਦੀ ਪਤਨੀ ਦੀਕਸ਼ਾ ਦੋਵੇਂ ਹੀ ਕ੍ਰਿਮਿਨਲ ਪਿਛੋਕੜ ਵਾਲੇ ਹਨ, ਰਾਜਨ ਉਰਫ ਲਾਡੀ ਦੇ ਖਿਲਾਫ ਆਬਕਾਰੀ ਅਤੇ ਐੱਨਡੀਪੀਐੱਸ ਦੇ 12 ਮਾਮਲੇ ਦਰਜਨ ਹਨ ਅਤੇ ਇਸ ਵੇਲੇ ਜੇਲ੍ਹ ਅੰਦਰ ਬੰਦ ਹੈ। ਜਦੋਂਕਿ ਉਸਦੀ ਪਤਨੀ ਦੀਕਸ਼ਾ ਦੇ ਖਿਲਾਫ ਵੀ ਐਨਡੀਪੀਐਸ ਦੇ ਪੰਜ ਮਾਮਲੇ ਦਰਜ ਹਨ ਅਤੇ ਉਹ ਵੀ ਜੇਲ ਚੋਂ ਕਰੀਬ ਇਕ ਮਹੀਨਾ ਪਹਿਲਾਂ ਹੀ ਜਮਾਨਤ ਤੇ ਬਾਹਰ ਆਈ ਹੈ। ਇਸ ਮੌਕੇ ਤੇ ਡੀਐੱਸਪੀ ਗੁਰਦਾਸਪੁਰ ਸੁਖਰਾਜ ਸਿੰਘ, ਐੱਸਐੱਚਓ ਦੀਨਾਨਗਰ ਰਵਿੰਦਰ ਸਿੰਘ, ਐੱਸਐੱਚਓ ਪੁਰਾਣਾ ਸ਼ਾਲਾ ਸਾਹਿਲ ਪਠਾਣੀਆ, ਨਹਿਰੀ ਵਿਭਾਗ ਦੇ ਜੇਈ ਤਰਸੇਮ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।
ਡੀਡਾ ਸਾਂਸੀਆਂ ’ਚ ਚੌਥੇ ਨਸ਼ਾ ਤਸਕਰ ਦੇ ਘਰ ਉੱਪਰ ਹੋਈ ਕਾਰਵਾਈ
ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਢੇ ਗਏ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਨਸ਼ਿਆਂ ਦੇ ਗੜ੍ਹ ਵਜੋਂ ਬਦਨਾਮ ਦੀਨਾਨਗਰ ਪੁਲਿਸ ਥਾਣੇ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਰਾਜਨ ਕੁਮਾਰ ਉਰਫ ਲਾਡੀ ਦੇ ਘਰ ਉੱਪਰ ਕੀਤੀ ਗਈ ਇਹ ਚੌਥੀ ਬੁਲਡੋਜ਼ਰ ਕਾਰਵਾਈ ਹੈ। ਇਸ ਤੋਂ ਪਹਿਲਾਂ ਲੰਘੀ 15 ਮਈ ਨੂੰ ਦੋ ਨਸ਼ਾ ਤਸਕਰ ਸਕੇ ਭਰਾਵਾਂ ਬਲਜਿੰਦਰ ਉਰਫ ਮੂੰਗਾ ਅਤੇ ਲਖਵਿੰਦਰ ਉਰਫ ਲੂਚਾ ਪੁੱਤਰ ਹਰਦੀਪ ਲਾਲ ਦੇ ਇਲਾਵਾ 27 ਮਈ ਨੂੰ ਨਸ਼ਾ ਤਸਕਰ ਗੁਲਸ਼ਨ ਕੁਮਾਰ ਉਰਫ ਟੋਨੀ ਪੁੱਤਰ ਮਲਕੀਅਤ ਦੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਉਸਾਰੇ ਗਏ ਨਾਜਾਇਜ਼ ਕਬਜਿਆਂ ਨੂੰ ਵੀ ਢਾਹਿਆ ਜਾ ਚੁੱਕਿਆ ਹੈ।
ਅਜੇ ਹੋਰ ਕਈ ਘਰ ਵੀ ਹਨ ਰਾਡਾਰ ਤੇ
ਨਸ਼ੇ ਦੇ ਗੜ੍ਹ ਵਜੋਂ ਬਦਨਾਮ ਪਿੰਡ ਡੀਡਾ ਸਾਂਸੀਆਂ ਵਿਖੇ ਬੁਲਡੋਜ਼ਰ ਕਾਰਵਾਈ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਭਾਵੇਂ ਸਿਰਫ ਚਾਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ, ਪਰ ਇਸ ਪਿੰਡ ਦੇ ਕਈ ਹੋਰ ਨਸ਼ਾ ਤਸਕਰਾਂ ਦੇ ਘਰ ਵੀ ਸਰਕਾਰ ਦੇ ਰਾਡਾਰ ਤੇ ਹਨ, ਜੋ ਨਸ਼ਾ ਤਸਕਰਾਂ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜੇ ਕਰਕੇ ਬਣਾਏ ਹੋਏ ਹਨ। ਨਹਿਰੀ ਵਿਭਾਗ ਵੱਲੋਂ ਪਹਿਲਾਂ ਹੀ ਪਿੰਡ ਡੀਡਾ ਸਾਂਸੀਆਂ ਦੇ 70 ਤੋਂ ਵਧੇਰੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਉਸਾਰੇ ਗਏ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਵੀ ਦਿੱਤੇ ਹੋਏ ਹਨ।



