
ਬਠਿੰਡਾ, 16 ਜੁਲਾਈ : ਬਠਿੰਡਾ ਨਗਰ ਨਿਗਮ ਨੂੰ ਸਵੱਛ ਸਰਵੇਖਣ-2024 ਤਹਿਤ ਸੂਬਾ ਪੱਧਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਪਿਛਲੇ ਦਿਨੀਂ ਨਗਰ ਨਿਗਮ ਨੂੰ ਪੁਰਸਕਾਰ ਪ੍ਰਾਪਤ ਕਰਨ ਲਈ ਇਕ ਵਫ਼ਦ ਦੀ ਨਾਮਜ਼ਦਗੀ ਭੇਜਣ ਲਈ ਇਕ ਪੱਤਰ ਵੀ ਜਾਰੀ ਕੀਤਾ ਹੈ। ਇਸ ਸਾਲ ਦੇ ਸਵੱਛ ਸਰਵੇਖਣ ਦੀ ਦਰਜਾਬੰਦੀ ਦੇ ਐਲਾਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜੁਲਾਈ ਨੂੰ ਨਵੀਂ ਦਿੱਲੀ ’ਚ ਸਵੱਛ ਸਰਵੇਖਣ ਪੁਰਸਕਾਰ ਦੇਣਗੇ। ਬਠਿੰਡਾ ਨੂੰ ਮੰਤਰਾਲੇ ਵੱਲੋਂ ਸਵੱਛਤਾ ਸੁਪਰ ਲੀਗ ’ਚ ਰੱਖਿਆ ਗਿਆ ਹੈ। ਪਹਿਲਾਂ ਜੋ ਸ਼ਹਿਰ ਦੋ ਸਾਲਾਂ ਲਈ ਟਾਪ-3 ਵਿਚ ਸਨ, ਉਨ੍ਹਾਂ ਨੂੰ ਇਸ ’ਚ ਸ਼ਾਮਲ ਕੀਤਾ ਜਾਂਦਾ ਸੀ। ਹੁਣ ਇਹ ਮਿਆਦ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਇਸ ਲੀਗ ’ਚ ਸ਼ਾਮਲ ਸ਼ਹਿਰਾਂ ਨੂੰ ਦਰਜਾ ਨਹੀਂ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ 12,500 ਅੰਕਾਂ ਦੀ ਯੋਜਨਾ ਤਹਿਤ ਅੰਕ ਮਿਲਣਗੇ। ਇਸ ਨਾਲ ਦੂਜੇ ਸ਼ਹਿਰਾਂ ਨੂੰ ਟਾਪ ਰੈਂਕ ਪ੍ਰਾਪਤ ਕਰਨ ਦੇ ਹੋਰ ਮੌਕੇ ਮਿਲਣਗੇ। ਇਸ ਵਿਚ ਨਗਰ ਨਿਗਮ ਬਠਿੰਡਾ ਨੂੰ 17 ਜੁਲਾਈ 2025 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਣ ਵਾਲੇ ਸਵੱਛ ਸਰਵੇਖਣ-2024 ਸੂਬਾ ਪੱਧਰੀ ਪੁਰਸਕਾਰ ਸਮਾਰੋਹ ਲਈ ਵਫ਼ਦ ਨੂੰ ਨਾਮਜ਼ਦ ਕਰਨ ਤੇ ਇਸ ਸਬੰਧੀ ਸੂਚੀ ਪਹਿਲਾਂ ਹੀ ਮੰਤਰਾਲੇ ਨੂੰ ਭੇਜਣ ਲਈ ਕਿਹਾ ਗਿਆ ਹੈ। ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨਵੀਂ ਦਿੱਲੀ ਦੇ ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਤੋਂ ਇਕ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੇ ਖੁਲਾਸਾ ਕੀਤਾ ਹੈ ਕਿ ਬਠਿੰਡਾ ਨਗਰ ਨਿਗਮ ਨੂੰ ਸਵੱਛ ਸਰਵੇਖਣ-2024 ਅਧੀਨ ਰਾਜ ਪੱਧਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਸਬੰਧੀ ਸਬੰਧਤ ਵਫ਼ਦ ਦੀ ਸੂਚੀ 14 ਜੁਲਾਈ ਨੂੰ ਮੰਤਰਾਲੇ ਨੂੰ ਭੇਜੀ ਗਈ ਹੈ। ਸ਼ਹਿਰ ਦੇ ਵਫ਼ਦ ਵਿਚ ਹਰੇਕ ਪੁਰਸਕਾਰ ਜੇਤੂ ਸ਼ਹਿਰ ਦੇ 10 ਪ੍ਰਤੀਨਿਧੀਆਂ ਦਾ ਇਕ ਵਫ਼ਦ ਸ਼ਾਮਲ ਹੋਵੇਗਾ, ਜਿਸ ਦੀ ਅਗਵਾਈ ਸਬੰਧਤ ਸ਼ਹਿਰ ਦੇ ਮੇਅਰ ਕਰਨਗੇ। ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਸਿਰਫ਼ ਤਿੰਨ ਪ੍ਰਤੀਨਿਧੀਆਂ ਨੂੰ ਸਟੇਜ ਤੇ ਜਾਣ ਦੀ ਇਜਾਜ਼ਤ ਹੋਵੇਗੀ। ਵਫ਼ਦ ਦੀ ਅਗਵਾਈ ਰਾਜ ਸ਼ਹਿਰੀ ਵਿਕਾਸ ਮੰਤਰੀ ਕਰਨਗੇ। ਇਨ੍ਹਾਂ ਨਾਲ ਮੇਅਰ ਅਤੇ ਕਮਿਸ਼ਨਰ ਹੋਣਗੇ। ਸਵੱਛ ਸਰਵੇਖਣ 2021 ਵਿਚ ਬਠਿੰਡਾ ਸ਼ਹਿਰ 1 ਤੋਂ 10 ਲੱਖ ਦੀ ਆਬਾਦੀ ਦੀ ਸ੍ਰੇਣੀ ਵਿਚ ਤੀਜੇ ਸਥਾਨ ਤੇ ਸੀ, ਜਦੋਂ ਕਿ 2020 ਵਿਚ ਪੰਜਾਬ ਵਿਚ ਪਹਿਲੇ ਸਥਾਨ ਤੇ ਸੀ। 2020 ਵਿਚ ਬਠਿੰਡਾ ਨੂੰ 79ਵੀਂ ਆਲ-ਇੰਡੀਆ ਰੈਂਕਿੰਗ ਮਿਲੀ। ਸਾਲ 2018 ਵਿਚ ਬਠਿੰਡਾ ਪੰਜਾਬ ਵਿਚ ਪਹਿਲੇ ਨੰਬਰ ਤੇ ਅਤੇ ਪੂਰੇ ਦੇਸ਼ ਵਿਚ 104ਵੇਂ ਸਥਾਨ ਤੇ ਸੀ।



